ਜ਼ੀਰਾ : ਪਿੰਡ ਮਲਸੀਆਂ ਕਲਾਂ ਦੇ ਵਾਸੀ ਬਲਵੀਰ ਸਿੰਘ ਦੀ ਪੁੱਤਰੀ ਗੁਰਜਿੰਦਰ ਕੌਰ ਜਿਸ ਨੂੰ ਕਿ ਪਿਛਲੇ ਲੰਮੇ ਸਮੇਂ ਤੋਂ ਸਹੁਰਾ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਉਸ ਲੜਕੀ ਵੱਲੋਂ ਆਪਣੇ ਬੱਚਿਆਂ ਸਮੇਤ ਪਿਛਲੇ ਦਿਨੀਂ ਹਰੀਕੇ ਨਹਿਰ ਵਿਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ। ਇਸ ਦੌਰਾਨ ਗੁਰਜਿੰਦਰ ਕੌਰ ਅਤੇ ਉਸਦੇ ਬੇਟੇ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੀ ਅੱਜ ਅੰਤਿਮ ਅਰਦਾਸ ਪਿੰਡ ਮਲਸੀਆਂ ਕਲਾਂ ਦੇ ਗੁਰਦੁਆਰਾ ਸਾਹਿਬ ਵਿਚ ਹੋਈ । ਪੁਲੀਸ ਵੱਲੋਂ ਪਰਚੇ ਚ ਨਾਮਜ਼ਦ ਦੋਸ਼ੀਆਂ ਨੂੰ ਨਾ ਫੜੇ ਜਾਣ ਦੇ ਰੋਸ ਵਜੋਂ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ 19 ਸਤੰਬਰ ਸੋਮਵਾਰ ਨੂੰ ਥਾਣਾ ਮਖੂ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਹੋਇਆਂ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਜਿਸ ਦਿਨ ਲੜਕੀ ਦਾ ਅੰਤਮ ਸਸਕਾਰ ਕੀਤਾ ਗਿਆ ਸੀ ਤਾਂ ਪੁਲਸ ਵੱਲੋਂ ਇਕ ਹਫ਼ਤੇ ਦਾ ਸਮਾਂ ਮੰਗਿਆ ਗਿਆ ਸੀ । ਉਸ ਸਮੇਂ ਪੁਲਸ ਵਲੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਬਾਕੀ ਤਿੰਨ ਦੋਸ਼ੀਆਂ ਨੂੰ ਅਜੇ ਤੱਕ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ । ਜਿਸ ਦੇ ਰੋਸ ਵਜੋਂ ਅੱਜ ਪ੍ਰਦਰਸ਼ਨ ਕਰਨ ਦੀ ਵਿਉਂਤਬੰਦੀ ਕੀਤੀ ਗਈ ਸੀ ਪਰ ਅੱਜ ਇੰਸਪੈਕਟਰ ਥਾਣਾ ਮੱਖੂ ਵੱਲੋਂ ਦੋ ਦਿਨ ਦਾ ਸਮਾਂ ਹੋਰ ਮੰਗਣ ਤੇ ਇਸ ਪ੍ਰਦਰਸ਼ਨ ਨੂੰ ਅੱਜ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 2 ਦਿਨਾਂ ਵਿੱਚ ਬਾਕੀ ਤਿੰਨੇ ਦੋਸ਼ੀ ਨਹੀ ਫੜੇ ਜਾਂਦੇ ਤਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹੋਰ ਲੋਕਾਂ ਦੀ ਮੱਦਦ ਨਾਲ ਥਾਣਾ ਮੱਖੂ ਸਾਹਮਣੇ ਧਰਨਾ ਦੇਵੇਗੀ।
ਇਸ ਮੌਕੇ ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈੱਡਰੇਸ਼ਨ ਦੇ ਆਗੂ ਪਿੱਪਲ ਸਿੰਘ ਨੇ ਦੱਸਿਆ ਕਿ ਇਸ ਸਮੇਂ ਗੁਰਮਤਿ ਸੇਵਾ ਲਹਿਰ ਤੋਂ ਸਤਨਾਮ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੋਂ ਸੁਖਜੀਤ ਸਿੰਘ ਖੋਸਾ ਏਕਨੂਰ ਖ਼ਾਲਸਾ ਫ਼ੌਜ ਤੋਂ ਗੁਰਭਾਗ ਸਿੰਘ ਮਰੂੜ ਇੰਪਲਾਈਜ ਫੈਡਰੇਸ਼ਨ ਅਕਾਲੀ ਦਲ ਤੋਂ ਅਵਤਾਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਹਰਫੂਲ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਦਰਸ਼ਨ ਸਿੰਘ ਮਹੀਆਂਵਾਲਾ ਨੇ ਵੀ ਇਸ ਧਰਨੇ ਦਾ ਸਮਰਥਨ ਕਰਨ ਦਾ ਸੁਨੇਹਾ ਦਿੱਤਾ ਹੈ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਮਲਸੀਆਂ ਕਲਾਂ, ਬਲਾਕ ਪ੍ਰਧਾਨ ਨਛੱਤਰ ਸਿੰਘ ਤੋਂ ਇਲਾਵਾ ਪਿੰਡ ਵਾਸੀ ਅਤੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਮੌਜੂਦ ਸਨ ।