ਫਗਵਾੜਾ 24 ਜੁਲਾਈ (ਸ਼ਿਵ ਕੋੜਾ) ਸ਼ਿਵ ਸੈਨਾ (ਯੂਬੀਟੀ) ਦੇ ਯੂਥ ਵਿੰਗ ਯੁਵਾ ਸੈਨਾ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਬਾਰਾਦਰੀ ਇਲਾਕੇ (ਜੋਗੀ ਨਵਾਦਾ) ਵਿੱਚ ਕਾਂਵੜੀਆਂ ’ਤੇ ਪਥਰਾਅ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਹਿੰਦੂ ਆਸਥਾ ’ਤੇ ਹਮਲਾ ਕਰਾਰ ਦਿੱਤਾ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਯੁਵਾ ਸੈਨਾ ਦੇ ਸੂਬਾ ਮੀਤ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਦੇਸ਼ ਦਾ ਮਾਹੌਲ ਖ਼ਰਾਬ ਕਰਨ ਲਈ ਸਮਾਜ ਵਿਰੋਧੀ ਅਨਸਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਜੋ ਕਿ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਅਜਿਹੀਆਂ ਤਾਕਤਾਂ ਨੂੰ ਤੁਰੰਤ ਨੱਥ ਪਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਨਾਤਨ ਸਮਾਜ ਵੱਲੋਂ ਅਜਿਹੀਆਂ ਘਟਨਾਵਾਂ ਦਾ ਜਵਾਬ ਉਸੇ ਭਾਸ਼ਾ ‘ਚ ਦਿੱਤਾ ਗਿਆ ਤਾਂ ਕੱਲ੍ਹ ਨੂੰ ਉਹੀ ਲੋਕ ਇਨ੍ਹਾਂ ਅਨਸਰਾਂ ਦੇ ਹੱਕ ਵਿੱਚ ਡਟ ਕੇ ਖੜ੍ਹੇ ਹੋ ਜਾਣਗੇ ਜਿਨ੍ਹਾਂ ਦੇ ਮੂੰਹੋਂ ਪੱਥਰਬਾਜ਼ੀ ਦੀ ਇਸ ਸ਼ਰਮਨਾਕ ਕਾਰਵਾਈ ਦੀ ਨਖੇਦੀ ਲਈ ਇੱਕ ਸ਼ਬਦ ਵੀ ਨਹੀਂ ਨਿਕਲ ਸਕਦਾ। ਬਲਜੀਤ ਸਿੰਘ ਨੇ ਕਿਹਾ ਕਿ ਅਜਿਹੀ ਗੁੰਡਾਗਰਦੀ ਉਦੋਂ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਦੋਂ ਯੋਗੀ ਆਦਿੱਤਿਆਨਾਥ ਵਰਗਾ ਭਗਵਾ ਧਾਰੀ ਸੰਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਕੁਰਸੀ ’ਤੇ ਵਿਰਾਜਮਾਨ ਹੋਵੇ, ਜੋ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਬੁਲਡੋਜ਼ਰ ਦੀ ਨੀਤੀ ਵਰਤਦਾ ਹੈ। ਉਨ੍ਹਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕਰਦਿਆਂ ਪੱਥਰਬਾਜ਼ਾਂ ਨੂੰ ਉਨ੍ਹਾਂ ਦੇ ਆਕਾਵਾਂ ਸਮੇਤ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਤਾਂ ਜੋ ਕੋਈ ਵੀ ਸਮਾਜ ਵਿਰੋਧੀ ਅਨਸਰ ਮੁੜ ਅਜਿਹੀ ਕੋਝੀ ਹਰਕਤ ਕਰਨ ਦੀ ਗੁਸਤਾਖੀ ਨਾ ਕਰੇ।