ਸੰਗਰੂਰ, 24 ਜੁਲਾਈ, 2023: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਪਿਛਲੇ ਦਿਨੀਂ ਮੂਨਕ ਤੇ ਖਨੌਰੀ ਦੇ ਇਲਾਕਿਆਂ ਵਿੱਚ ਆਏ ਹੜ੍ਹਾਂ ਨੂੰ ਮੱਦੇਨਜ਼ਰ ਰੱਖਦਿਆਂ ਲੋਕ ਹਿੱਤ ਵਿੱਚ ਅਪੀਲ ਕੀਤੀ ਹੈ ਕਿ ਇਨ੍ਹਾਂ ਇਲਾਕਿਆਂ ਦੇ ਲੋਕ ਪੀਣ ਲਈ ਕੇਵਲ ਕਲੋਰੀਨ ਯੁਕਤ ਪਾਣੀ ਜਾਂ ਉਬਲੇ ਹੋਏ ਪਾਣੀ ਦੀ ਹੀ ਵਰਤੋਂ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਪ੍ਰਾਈਵੇਟ ਬੋਰਵੈਲ ਦੇ ਪਾਣੀ ਨੂੰ ਪੀਣ ਲਈ ਬਿਲਕੁਲ ਨਾ ਵਰਤਣ ਕਿਉਂਕਿ ਹੜ੍ਹਾਂ ਦੇ ਗੰਧਲੇ ਪਾਣੀ ਦਾ ਰਲੇਵਾਂ ਹੋਣ ਦੀਆਂ ਸੰਭਾਵਨਾਵਾਂ ਦੇ ਚਲਦਿਆਂ ਸਿਹਤ ਖਰਾਬ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ ਇਸ ਲਈ ਸਰਕਾਰੀ ਤੌਰ ’ਤੇ ਪਾਣੀ ਦੇ ਟੈਂਕਰਾਂ ਰਾਹੀਂ ਮੁਹੱਈਆ ਕਰਵਾਇਆ ਜਾ ਰਿਹਾ ਪਾਣੀ ਹੀ ਪੀਣ ਲਈ ਵਰਤੋਂ ਵਿੱਚ ਲਿਆਂਦਾ ਜਾਵੇ।
ਡਿਪਟੀ ਕਮਿਸ਼ਨਰ ਨੇ ਅੱਜ ਇਸ ਸਬੰਧੀ ਬਕਾਇਦਾ ਸਿਵਲ ਸਰਜਨ ਤੇ ਕਾਰਜਸਾਧਕ ਅਧਿਕਾਰੀਆਂ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਸਬੰਧਤ ਇਲਾਕਿਆਂ ਵਿੱਚ ਸੀਨੀਅਰ ਮੈਡੀਕਲ ਅਫ਼ਸਰਾਂ ਤੇ ਮੈਡੀਕਲ ਸਟਾਫ਼ ਰਾਹੀਂ ਲੋਕਾਂ ਨੂੰ ਇਸ ਸਬੰਧੀ ਲਗਾਤਾਰ ਜਾਗਰੂਕ ਕੀਤਾ ਜਾਵੇ ਕਿਉਂਕਿ ਗੰਧਲਾ ਪਾਣੀ ਕਈ ਮਾਰੂ ਬਿਮਾਰੀਆਂ ਪੈਦਾ ਕਰਦਾ ਹੈ ਇਸ ਲਈ ਸਾਵਧਾਨੀ ਵਰਤਦੇ ਹੋਏ ਬੋਰਵੈਲਾਂ ਦੇ ਪਾਣੀ ਨੂੰ ਪੀਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।