ਫਾਇਨਾਂਸ ਕੰਪਨੀ ਦਾ ਕਰਿੰਦਾ ਹੀ ਨਿਕਲਿਆ ਲੁੱਟ ਦਾ ਮਾਸਟਰਮਾਈਂਡ, ਪੜੋ ਪੂਰੀ ਖ਼ਬਰ
ਤਲਵੰਡੀ ਸਾਬੋ, 6 ਅਕਤੂਬਰ : ਬੀਤੀ ਸ਼ਾਮ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਨੇੜੇ ਫਾਇਨਾਂਸ ਕੰਪਨੀ ਦੇ ਕਰਿੰਦੇ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ 1 ਲੱਖ 60 ਹਜ਼ਾਰ ਰੁਪਏ ਦੀ ਲੁੱਟ ਦੀ ਗੁੱਥੀ ਸੁਲਝਾਉਂਦਿਆਂ ਤਲਵੰਡੀ ਸਾਬੋ ਪੁਲਿਸ ਨੇ ਦਾਅਵਾ ਕੀਤਾ ਕਿ ਫਾਇਨਾਂਸ ਕੰਪਨੀ ਦਾ ਕਾਰਿੰਦਾ ਹੀ ਲੁੱਟ ਦਾ ਮਾਸਟਰਮਾਈਂਡ ਨਿਕਲਿਆ ਅਤੇ ਉਸ ਨੇ ਆਪਣੇ ਇੱਕ ਰਿਸ਼ਤੇਦਾਰ ਨਾਲ ਮਿਲ ਕੇ ਉਕਤ ਫਰਜ਼ੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ।
ਅੱਜ ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ ਤਲਵੰਡੀ ਸਾਬੋ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਭਾਰਤ ਫਾਇਨਾਂਸ ਕੰਪਨੀ ਦੇ ਕਰਿੰਦੇ ਰਵੀ ਸਿੰਘ ਨੇ ਬੀਤੀ ਪਰਸੋਂ ਸ਼ਾਮ ਪੁਲਿਸ ਨੂੰ ਦਿੱਤੀ ਸੂਚਨਾ ’ਚ ਜਾਣਕਾਰੀ ਦਿੱਤੀ ਸੀ ਕਿ ਮੋਟਰਸਾਈਕਲ ਸਵਾਰ 2 ਵਿਅਕਤੀ ਉਸ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ 1 ਲੱਖ 60 ਹਜ਼ਾਰ ਰੁਪਏ ਦੀ ਰਕਮ ਲੁੱਟ ਕੇ ਲੈ ਗਏ ਹਨ ਜਿਸ ’ਤੇ ਪੁਲਿਸ ਨੇ ਰਵੀ ਸਿੰਘ ਦੇ ਬਿਆਨਾਂ ’ਤੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਉਨਾਂ ਅਨੁਸਾਰ ਥਾਣਾ ਤਲਵੰਡੀ ਸਾਬੋ ਮੁਖੀ ਗੁਰਵਿੰਦਰ ਸਿੰਘ ਅਤੇ ਜਾਂਚ ਅਧਿਕਾਰੀ ਗੁਰਤੇਜ ਸਿੰਘ ਨੂੰ ਮੁਦੱਈ ’ਤੇ ਸ਼ੱਕ ਹੋਇਆ ਅਤੇ ਅਸੀਂ ਸਾਰਾ ਮਾਮਲਾ ਜ਼ਿਲ੍ਹਾ ਪੁਲਿਸ ਮੁਖੀ ਦੇ ਧਿਆਨ ’ਚ ਲਿਆਉਣ ਉਪਰੰਤ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਜਾਂਚ ਸ਼ੁਰੂ ਕਰ ਦਿੱਤੀ। ਇਸੇ ਦਰਮਿਆਨ ਫਾਇਨਾਂਸ ਕੰਪਨੀ ਦੇ ਮੈਨੇਜਰ ਪਿ੍ਰਤਪਾਲ ਸਿੰਘ ਨੇ ਵੀ ਮੁਦੱਈ ’ਤੇ ਸ਼ੱਕ ਪ੍ਰਗਟਾਇਆ ਅਤੇ ਪੁਲਿਸ ਵੱਲੋਂ ਡੂੰਘਾਈ ਨਾਲ ਕੀਤੀ ਪੁੱਛਗਿੱਛ ਦੌਰਾਨ ਕਾਰਿੰਦਾ ਰਵੀ ਸਿੰਘ ਆਖਰ ਮੰਨ ਗਿਆ ਕਿ ਉਸਨੇ ਆਪਣੇ ਰਿਸ਼ਤੇਦਾਰ ਨਾਲ ਮਿਲਕੇ ਉਕਤ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਲੁੱਟ ਦੇ ਪੈਸੇ ਉਸ ਦੇ ਰਿਸ਼ਤੇਦਾਰ ਕੋਲ ਹਨ ਅਤੇ ਗੱਲ ਠੰਢੀ ਪੈ ਜਾਣ ਉਪਰੰਤ ਉਨਾਂ ਨੇ ਪੈਸੇ ਅੱਧੇ ਅੱਧੇ ਵੰਡ ਲੈਣੇ ਸਨ।
ਡੀ.ਐੱਸ.ਪੀ ਨੇ ਦੱਸਿਆ ਕਿ ਭਾਰਤ ਫਾਇਨਾਂਸ ਕੰਪਨੀ ਦੇ ਮੈਨੇਜ਼ਰ ਪਿ੍ਰਤਪਾਲ ਸਿੰਘ ਦੇ ਬਿਆਨਾਂ ’ਤੇ ਮਾਮਲੇ ’ਚ ਵਾਧਾ ਕਰਦਿਆਂ ਪੁਲਿਸ ਨੇ ਰਵੀ ਸਿੰਘ ਵਾਸੀ ਦਾਦੂ (ਹਰਿਆਣਾ) ਅਤੇ ਉਸ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਸੰਦੋਹਾ ਖਿਲਾਫ਼ ਕਾਰਵਾਈ ਕਰਦਿਆਂ ਦੋਵ੍ਹਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ 1 ਲੱਖ 32 ਹਜ਼ਾਰ ਦੀ ਰਕਮ ਬਰਾਮਦ ਕਰ ਲਈ ਹੈ। ਉਨਾਂ ਦੱਸਿਆ ਕਿ ਉਕਤ ਵਿਅਕਤੀਆਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਜਿੱਥੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਉੱਥੇ ਬਾਕੀ ਰਕਮ ਦਾ ਵੀ ਪਤਾ ਲਗਾਇਆ ਜਾਵੇਗਾ। ਪ੍ਰੈਸ ਕਾਨਫਰੰਸ ’ਚ ਥਾਣਾ ਤਲਵੰਡੀ ਸਾਬੋ ਮੁਖੀ ਗੁਰਵਿੰਦਰ ਸਿੰਘ ਅਤੇ ਜਾਂਚ ਅਧਿਕਾਰੀ ਗੁਰਤੇਜ ਸਿੰਘ ਵੀ ਮੌਜੂਦ ਸਨ।