ਇੰਟਰ ਸਟੇਟ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ, ਇਕ ਕੁਇੰਟਲ ਭੁੱਕੀ ਬਰਾਮਦ
ਨੂਰਪੁਰ ਬੇਦੀ, 6 ਅਕਤੂਬਰ : ਨੂਰਪੁਰਬੇਦੀ ਪੁੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੰਟਰਸਟੇਟ ਨਸ਼ਾ ਤਸਕਰੀ ਕਰਨ ਵਾਲੇ ਇਕ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੂਰਪੁਰਬੇਦੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਬੀਤੇ ਲੰਬੇ ਸਮੇਂ ਤੋਂ ਇਹ ਸਰਬਜੀਤ ਸਿੰਘ ਵਾਸੀ ਪਿੰਡ ਰਾਮਪੁਰ ਕਲਾਂ, ਬਲਵੀਰ ਚੰਦ ਉਰਫ਼ ਬੀਰਾ ਵਾਸੀ ਪਿੰਡ ਟਿੱਬਾ ਨੰਗਲ, ਬਲਵਿੰਦਰ ਕੁਮਾਰ ਵਾਸੀ ਪਿੰਡ ਬਾਲੇਵਾਲ ਜੰਮੂ ਕਸਮੀਰ ਸਟੇਟ ਤੋਂ ਭੁੱਕੀ ਚੂਰਾ ਪੋਸਤ ਲਿਆਕੇ ਜ਼ਿਲ੍ਹਾ ਰੂਪਨਗਰ ਅਤੇ ਹੋਰ ਵੱਖ ਵੱਖ ਥਾਵਾਂ ’ਚ ਸਮੱਗਲਿੰਗ ਕਰ ਰਹੇ ਸਨ।
ਇਨ੍ਹਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਨੂਰਪੁਰਬੇਦੀ ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਹੀਰਪੁਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਪੁਲਿਸ ਵਿਭਾਗ ਦੇ ਕਰਮਚਾਰੀ ਤੈਨਾਤ ਸਨ। ਜਦ ਜਾਂਚ ਪੜਤਾਲ ਲਈ ਪੁਲਿਸ ਵੱਲੋਂ ਇਕ ਟਰੈਕਸ ਗੱਡੀ ਨੂੰ ਰੋਕਿਆ ਗਿਆ ਤਾਂ ਉਸ ’ਚੋਂ ਤਲਾਸ਼ੀ ਦੌਰਾਨ ਪੁਲਿਸ ਨੂੰ ਇਕ ਕੁਇੰਟਲ ਪੰਜ ਸੌ ਗ੍ਰਾਮ ਚੂਰਾ ਪੋਸਤ ਭੁੱਕੀ ਬਰਾਮਦ ਹੋਈ। ਪੁਲਿਸ ਨੇ ਤਿੰਨਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ।
ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ ਪੁੱਛਗਿੱਛ ਦੌਰਾਨ ਇਨ੍ਹਾਂ ਵੱਲੋਂ ਕਿਹੜੇ ਕਿਹੜੇ ਇਲਾਕਿਆਂ ’ਚ ਭੁੱਕੀ ਵੇਚਣ ਦਾ ਗੈਰਕਾਨੂੰਨੀ ਧੰਦਾ ਕੀਤਾ ਜਾਂਦਾ ਹੈ ਸਮੇਤ ਕਈ ਹੋਰ ਖੁਲਾਸੇ ਹੋ ਸਕਦੇ ਹਨ।