ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਤੇ ਸਮਾਈਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਚੱਲ ਰਹੀਆਂ ਜਾਗਰੂਕਤਾ ਗਤੀਵਿਧੀਆਂ
ਸੰਗਰੂਰ, 1 ਅਗਸਤ, 2023: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਸਿਹਤ ਸੰਭਾਲ ਦੀ ਦਿਸ਼ਾ ਵੱਲ ਇੱਕ ਸਾਰਥਕ ਕਦਮ ਪੁੱਟਦਿਆਂ ਪਾਇਲਟ ਪ੍ਰੋਜੈਕਟ ਆਰੰਭਿਆ ਗਿਆ ਹੈ ਜਿਸ ਦੇ ਮੁਢਲੇ ਪੜਾਅ ਵਜੋਂ ਜ਼ਿਲ੍ਹੇ ਦੇ 21 ਸਕੂਲਾਂ ਦੀ ਚੋਣ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਵਿੱਚ ਅਨੀਮੀਆ (ਖੂਨ ਦੀ ਕਮੀ) ਦੀ ਘਾਟ ਨਾਲ ਨਜਿੱਠਣ ਲਈ ਮੌਜੂਦਾ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਟੀਚਾ ਮਿਥਦੇ ਹੋਏ ਸਿਹਤ ਵਿਭਾਗ ਤੇ ਸਮਾਈਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਲਈ ਜਾਗਰੂਕਤਾ ਗਤੀਵਿਧੀਆਂ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਆਈਰਨ ਤੇ ਫੋਲਿਕ ਐਸਿਡ ਦੀਆਂ ਗੋਲੀਆਂ ਦੇ ਕੇ ਪੋਸ਼ਕ ਤੱਤਾਂ ਦੀ ਪੂਰਤੀ ਕਰਨ ਦੇ ਨਾਲ ਨਾਲ ਸਕੂਲਾਂ ਵਿੱਚ ਕਿਚਨ ਗਾਰਡਨ (ਘਰੇਲੂ ਬਗੀਚੀ) ਪ੍ਰਫੁਲਿਤ ਕੀਤੇ ਜਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਦੀ ਲੋੜ ਮੁਤਾਬਕ ਸਬਜ਼ੀਆਂ ਦੀ ਪੈਦਾਵਾਰ ਸਬੰਧਤ ਸਕੂਲਾਂ ਵਿੱਚ ਹੀ ਕਰਵਾਈ ਜਾ ਸਕੇ ਅਤੇ ਸਕੂਲਾਂ ਵਿੱਚ ਹੀ ਮਿਡ ਡੇਅ ਮੀਲ ਤਹਿਤ ਭੋਜਨ ਮੁਹੱਈਆ ਕਰਵਾਉਣ ਸਮੇਂ ਇਨ੍ਹਾਂ ਸਬਜ਼ੀਆਂ ਦੀ ਵਰਤੋਂ ਨਾਲ ਪੋਸ਼ਕ ਤੱਤਾਂ ਵਿੱਚ ਵਾਧਾ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚਿਆਂ ਵਿੱਚ ਪੌਸ਼ਟਿਕ ਭੋਜਨ ਖਾਣ ਦੀ ਆਦਤ ਨੂੰ ਪ੍ਰਫੁਲਿਤ ਕਰਨ ਲਈ ਅਧਿਆਪਕਾਂ ਤੇ ਮਾਪਿਆਂ ਨੂੰ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਤੰਦਰੁਸਤ ਰਹਿਣ। ਉਨ੍ਹਾਂ ਇਹ ਵੀ ਕਿਹਾ ਕਿ ਮਿਡ ਡੇਅ ਮੀਲ ਦੀ ਖੁਰਾਕ ਦੇ ਨਾਲ ਨਾਲ ਹੀ ਵਿਦਿਆਰਥੀਆਂ ਦੀ ਡਾਈਟ ਵਿੱਚ ਗੁੜ ਵੀ ਸ਼ਾਮਲ ਕਰਵਾਇਆ ਗਿਆ ਹੈ ਜੋ ਕਿ ਆਇਰਨ ਦਾ ਇੱਕ ਚੰਗਾ ਸਰੋਤ ਮੰਨਿਆ ਜਾਂਦਾ ਹੈ। ਜਤਿੰਦਰ ਜੋਰਵਾਲ ਨੇ ਦੱਸਿਆ ਕਿ ਅਨੀਮੀਆ ਮੁਕਤ ਭਾਰਤ ਮੁਹਿੰਮ ਤਹਿਤ ਵਿਦਿਆਰਥੀਆਂ ਵਿੱਚ ਅਨੀਮੀਆ ਦੀ ਕਮੀ ਨੂੰ ਦੂਰ ਕਰਨ ਲਈ ਇਹ ਪਾਇਲਟ ਪ੍ਰੋਜੈਕਟ ਸਹਾਇਕ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਪੌਸ਼ਟਿਕ ਭੋਜਨ ਦੀ ਕਮੀ ਕਾਰਨ ਬੱਚਿਆਂ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਅਤੇ ਇਸ ਕਮੀ ਨੂੰ ਦੂਰ ਕਰਨ ਲਈ ਮਾਪਿਆਂ ਤੇ ਅਧਿਆਪਕਾਂ ਦੇ ਸਾਂਝੇ ਯਤਨਾਂ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਸਕੂਲਾਂ ਵਿੱਚ ਬੱਚਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਆਇਰਨ ਤੇ ਫੋਲਿਕ ਐਸਿਡ ਵਾਲੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਪਰ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਬੱਚੇ ਇਹ ਗੋਲੀ ਖਾਣ ਤੋਂ ਝਿਜਕ ਕਰ ਜਾਂਦੇ ਹੋਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਿਊਟਰੀਸ਼ਨ ਮਾਹਿਰਾਂ ਦੇ ਸੁਝਾਵਾਂ ਅਨੁਸਾਰ ਬੱਚਿਆਂ ਦੇ ਖਾਣ ਪੀਣ ਦੀਆਂ ਆਦਤਾਂ ਵਿੱਚ ਸੁਧਾਰ ਲਿਆ ਕੇ ਵੀ ਮਾਪੇ ਅਨੀਮੀਆ ਦੀ ਕਮੀ ਨੂੰ ਦੂਰ ਕਰਨ ਵਿੱਚ ਯੋਗਦਾਨ ਪਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ 21 ਸਕੂਲਾਂ ਵਿੱਚ ਸਿਹਤ ਬਲਾਕ ਲੌਂਗੋਵਾਲ ਦੇ 3, ਸਿਹਤ ਬਲਾਕ ਧੂਰੀ ਦੇ 2, ਸ਼ੇਰਪੁਰ ਦਾ 4, ਮੂਨਕ ਦੇ 4, ਸੰਗਰੂਰ ਦਾ 1, ਭਵਾਨੀਗੜ੍ਹ ਦੇ 4, ਸੁਨਾਮ ਦਾ 1 ਅਤੇ ਕੌਹਰੀਆਂ ਦੇ 2 ਸਕੂਲ ਸ਼ਾਮਲ ਹਨ।