Home » ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ‘ਤੇ ਹੋਵੇਗਾ ਪੁਤਲਾ ਫੂਕ ਪ੍ਰਦਰਸ਼ਨ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ‘ਤੇ ਹੋਵੇਗਾ ਪੁਤਲਾ ਫੂਕ ਪ੍ਰਦਰਸ਼ਨ

"ਸਰਕਾਰੀ ਸਕੂਲ ਬਚਾਓ ਮੋਰਚਾ" ਦਾ ਹੋਇਆ ਗਠਨ, 28 ਨੂੰ 10 ਵਜੇ ਦਾ ਸੱਦਾ

by Rakha Prabh
49 views

ਨੂਰਮਹਿਲ 26 ਸਤੰਬਰ ( ਨਰਿੰਦਰ ਭੰਡਾਲ )

ਨਿਰਮਾਣ ਅਧੀਨ ਸਰਕਾਰੀ ਸਕੂਲ ਨੂਰਮਹਿਲ ਦਾ ਮੁੱਦਾ ਉੱਗਰ ਰੂਪ ਲੈਣ ਵਾਲਾ ਹੈ। ਧਰਨੇ ‘ਤੇ ਬੈਠੇ ਪੱਤਰਕਾਰ ਕਾਮਰੇਡ ਬਾਲ ਕ੍ਰਿਸ਼ਨ ਬਾਲੀ ਨੇ ਸਕੂਲ ਨਿਰਮਾਣ ਨੂੰ ਮੁਕੰਮਲ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਨੂੰ ਸੱਦਾ ਦਿੱਤਾ ਸੀ। ਨਤੀਜੇ ਵਜੋਂ ਵਿੱਢੇ ਹੋਏ ਸੰਘਰਸ਼ ਨੂੰ ਬਲ ਦੇਣ ਲਈ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ ਜਿੰਨ੍ਹਾਂ ਨੇ ਫੈਸਲਾ ਕੀਤਾ ਕਿ 28 ਸਤੰਬਰ ਦਿਨ ਵੀਰਵਾਰ ਨੂੰ 10 ਵਜੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਜਨਮ ਦਿਹਾੜੇ ਮੌਕੇ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਲਈ ਸਕੂਲ ਦੀ ਬਿਲਡਿੰਗ ਤੋਂ ਰੋਸ ਮਾਰਚ ਕਰਦੇ ਹੋਏ ਪੁਰਾਣੇ ਬੱਸ ਸਟੈਂਡ ਨੂਰਮਹਿਲ ਵਿਖੇ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ ਤਾਂ ਕਿ ਨੂਰਮਹਿਲ ਦੀ ਨਿਰਮਾਣ ਅਧੀਨ ਸਰਕਾਰੀ ਸਕੂਲ ਦੀ ਇਮਾਰਤ ਨੂੰ ਤੁਰੰਤ ਪ੍ਰਭਾਵ ਨਾਲ ਮੁਕੰਮਲ ਕਰਵਾਇਆ ਜਾ ਸਕੇ। ਵਰਣਨ ਯੋਗ ਹੈ ਕਿ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਅਕਸਰ ਨੂਰਮਹਿਲ ਦੇ ਆਸ ਪਾਸ ਘੁੰਮਦਿਆਂ ਦੇਖਿਆ ਜਾਂਦਾ ਹੈ, ਅੱਜ ਧਰਨਾ ਲੱਗੇ ਨੂੰ 17 ਦਿਨ ਹੋ ਗਏ ਹਨ, ਲੋਕ ਦੁਹਾਈ ਪਾ ਰਹੇ ਹਨ, ਅਖਬਾਰਾਂ ਵਿੱਚ ਲਗਾਤਾਰ ਖਬਰਾਂ ਛੱਪ ਰਹੀਆਂ ਹਨ ਪਰ ਹਲਕਾ ਵਿਧਾਇਕ ਨੇ ਸਕੂਲ ਬਣਾਉਣ ਦੀ ਕੋਈ ਗੱਲ ਨਹੀਂ ਕੀਤੀ। ਬੁਲਾਰਿਆਂ ਦੋਸ਼ ਲਗਾਇਆ ਜੋ ਹਲਕਾ ਵਿਧਾਇਕ ਹਲਕੇ ਦੇ ਲੋਕਾਂ ਦੀ ਗੱਲ ਨਹੀਂ ਸੁਣ ਸਕਦੀ ਉਹ ਹਲਕਾ ਵਿਧਾਇਕ ਬੇਜੁਬਾਨ ਇਮਾਰਤ ਦੀ ਗੱਲ ਪੰਜਾਬ ਸਰਕਾਰ ਤੱਕ ਕਿਵੇਂ ਪਹੁੰਚਾ ਸਕਦੀ ਹੈ? ਬੜੀ ਹੈਰਾਨੀ ਦੀ ਗੱਲ ਹੈ ਪੰਜਾਬ ਸਰਕਾਰ ਦਾ ਪ੍ਰਮੁੱਖ ਏਜੰਡਾ ਉੱਚ ਪੱਧਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣਾ ਹੈ ਪਰ ਹਲਕਾ ਵਿਧਾਇਕ ਦੀਆਂ ਨਲਾਇਕੀਆਂ ਸਦਕਾ ਦੋਵੇਂ ਏਜੰਡੇ ਨੂਰਮਹਿਲ ਵਿੱਚ ਫੇਲ ਹਨ। ਲਗਭਗ ਦੋ ਦਹਾਕਿਆਂ ਤੋਂ ਇਲਾਕੇ ਦੇ ਗਰੀਬ ਬੱਚੇ “ਵਿੱਦਿਆ ਦੇ ਮੰਦਰ” ਲਈ ਤਰਸ ਰਹੇ ਹਨ। ਸਕੂਲ ਬਣਾਉਣ ਲਈ ਵੱਖ-ਵੱਖ ਜੁਝਾਰੂ ਸ਼ਖਸ਼ੀਅਤਾਂ ਵੱਲੋਂ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਇਥੋਂ ਤੱਕ ਕਿ ਹਾਈਕੋਰਟ ਦਾ ਦਰਵਾਜ਼ਾ ਵੀ ਖਟਖਟਾਇਆ ਜਾ ਚੁੱਕਾ ਹੈ ਪਰ ਉੱਚ ਸਿੱਖਿਆ ਦਾ ਨਾਅਰਾ ਦੇਣ ਵਾਲੀ ਸਰਕਾਰ ਗੂੰਗੀ ਬੋਲੀ ਹੋ ਚੁੱਕੀ ਹੈ ਅਤੇ ਵਿੱਦਿਆ ਦੇ ਮੰਦਰ ‘ਤੇ ਸਿਆਸੀ ਦਾਅ ਪੇਚ ਖੇਡ ਰਹੀ ਹੈ।

ਵੱਖ-ਵੱਖ ਜਥੇਬੰਦੀਆਂ ਵਲੋਂ “ਸਰਕਾਰੀ ਸਕੂਲ ਬਚਾਓ ਮੋਰਚਾ” ਦੇ ਨਾਮ ਦੀ ਕਮੇਟੀ ਬਣਾਈ ਗਈ ਜਿਸ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵੱਲੋਂ ਅਕਲ ਚੰਦ ਸਿੰਘ, ਮਿਡ ਡੇ ਮੀਲ ਵਰਕਰ ਯੂਨੀਅਨ ਵੱਲੋਂ ਸ਼੍ਰੀਮਤੀ ਜਸਵਿੰਦਰ ਕੌਰ ਟਾਹਲੀ, ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਕਿਰਤੀ ਕਿਸਾਨ ਯੂਨੀਅਨ ਵੱਲੋਂ ਗੁਰਕਮਲ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਜਗਿੰਦਰ ਪਾਲ, ਸ਼੍ਰੋਮਣੀ ਰੰਘਰੇਟਾ ਦਲ ਵੱਲੋਂ ਬਲਬੀਰ ਸਿੰਘ ਚੀਮਾਂ, ਪੱਤਰਕਾਰ ਯੂਨੀਅਨ ਵੱਲੋਂ ਅਵਤਾਰ ਚੰਦ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਕੁਲਦੀਪ ਸਿੰਘ ਵਾਲੀਆ, ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪੂਰਨ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਸ਼ਿੰਦਰ ਸਿੰਘ ਨੂੰ ਕਮੇਟੀ ਦੇ ਮੈਂਬਰ ਬਣਾਇਆ ਗਿਆ।

ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ, ਲਾਇਨ ਬਬਿਤਾ ਸੰਧੂ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਪ੍ਰਧਾਨ ਤੀਰਥ ਸਿੰਘ ਬਾਸੀ, ਸਮਾਜ ਸੇਵੀ ਸੀਤਾ ਰਾਮ ਸੋਖਲ ਅਤੇ ਲਾਇਨ ਦਿਨਕਰ ਸੰਧੂ, ਯੂਥ ਆਗੂ ਹਰਪਿੰਦਰ ਸਿੰਘ ਚੀਮਾਂ, ਪੱਤਰਕਾਰ ਤੀਰਥ ਚੀਮਾਂ ਉਚੇਚੇ ਤੌਰ ਤੇ ਆਪਣੇ ਸਾਥੀਆਂ ਸਮੇਤ ਹਾਜ਼ਰ ਸਨ ਜਿਨ੍ਹਾਂ ਨੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ। ਕਮੇਟੀ ਨੇ ਇਲਾਕੇ ਦੇ ਸਮੂਹ ਸਿਪਸਿਲਾਰਾਂ ਨੂੰ ਸੱਦਾ ਪੱਤਰ ਦਿੱਤਾ ਕਿ 28 ਸਤੰਬਰ ਦਿਨ ਵੀਰਵਾਰ ਨੂੰ ਠੀਕ 10 ਵਜੇ ਸਵੇਰੇ ਨਿਰਮਾਣ ਅਧੀਨ ਸਰਕਾਰੀ ਸਕੂਲ ਦੀ ਬਿਲਡਿੰਗ ਵਿੱਚ “ਸਰਕਾਰੀ ਸਕੂਲ ਬਚਾਓ ਮੋਰਚਾ” ਦੇ ਬੈਨਰ ਹੇਠ ਇਕੱਠੇ ਹੋਣ।

 

ਗਰਕ ਰਹੀ ਸਕੂਲ ਦੀ ਬਿਲਡਿੰਗ ਨੂੰ ਬਚਾਉਣ ਲਈ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਉਹਨਾਂ ਦੇ ਯੋਧੇ – ਫੋਟੋ ਤੇ ਵੇਰਵਾ ਨਰਿੰਦਰ ਭੰਡਾਲ

Related Articles

Leave a Comment