ਜਲੰਧਰ, 24 ਸਤੰਬਰ
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੂਬਾ ਪ੍ਰੋਗਰਾਮ ਅਨੁਸਾਰ ਫਰੰਟ ਵੱਲੋਂ ਅੱਜ ਬੂਟਾ ਮੰਡੀ ਜਲੰਧਰ ਵਿਖੇ ਰੈਲੀ ਕਰਕੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਘਰ ਦਾ ਘਿਰਾਓ ਕੀਤਾ ਗਿਆ। ਜਿਸ ਵਿੱਚ ਭਾਰੀ ਗਿਣਤੀ ਵਿੱਚ ਮੁਲਾਜ਼ਮਾਂ, ਪੈਨਸ਼ਨਰਾਂ, ਮਿਡ ਡੇ ਮੀਲ ਵਰਕਰਾਂ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਸ਼ਮੂਲੀਅਤ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਆਗੂਆਂ ਜਰਮਨਜੀਤ ਸਿੰਘ, ਸ਼ਤੀਸ਼ ਰਾਣਾ, ਸੁਰਿੰਦਰ ਪੁਆਰੀ, ਕੁਲਵਰਨ ਸਿੰਘ, ਸ਼ਿਵ ਕੁਮਾਰ ਤਿਵਾੜੀ, ਅਮਰੀਕ ਸਿੰਘ ਕੰਗ, ਐਨ.ਡੀ. ਤਿਵਾੜੀ, ਅਜੀਤ ਸਿੰਘ ਸੋਢੀ, ਰਾਧੇ ਸ਼ਿਆਮ, ਗੁਰਮੇਲ ਸਿੰਘ ਮੈਲਡੇ, ਜਸਵੀਰ ਸਿੰਘ ਤਲਵਾੜਾ, ਗੁਰਵਿੰਦਰ ਸਿੰਘ, ਸੁਰਜੀਤ ਸਿੰਘ ਗਗੜਾ ਅਤੇ ਬੋਬਿੰਦਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਮਾਣ-ਭੱਤਾ ਵਰਕਰਾਂ, ਕੱਚੇ ਵਰਕਰਾਂ, ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਧਾਰਨ ਕੀਤੇ ਗਏ ਅੜੀਅਲ ਵਤੀਰੇ ਖਿਲਾਫ਼ ਸਾਂਝੇ ਫਰੰਟ ਵੱਲੋਂ ਪੰਜਾਬ ਅੰਦਰ 4 ਕੈਬਨਿਟ ਮੰਤਰੀਆਂ ਦੇ ਘਰਾਂ ਦੇ ਘਿਰਾਓ ਕਰਨ ਦੇ ਫੈਸਲੇ ਤਹਿਤ ਹਨ ਅੱਜ ਜਲੰਧਰ ਵਿਖੇ ਸਥਾਨਕ ਸਰਕਾਰਾਂ ਦੇ ਮੰਤਰੀ ਬਲਕਾਰ ਸਿੰਘ ਮੁਹੱਲੇ ਵਿੱਚ ਦੋਆਬਾ ਜ਼ੋਨ ਦੀ ਵਿਸ਼ਾਲ ਰੈਲੀ ਕਰਕੇ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਗਿਆ, ਜਿਸ ਵਿੱਚ ਸਾਂਝੇ ਫਰੰਟ ਨਾਲ ਸਬੰਧਤ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਕਈ ਸੈਂਕੜੇ ਵਰਕਰਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।
ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਸਾਂਝੇ ਫਰੰਟ ਨੂੰ ਤਿੰਨ ਵਾਰ ਮੀਟਿੰਗ ਦਾ ਸਮਾਂ ਦੇ ਕੇ ਵੀ ਮੀਟਿੰਗ ਨਹੀਂ ਕੀਤੀ ਗਈ ਅਤੇ ਵਿੱਤ ਮੰਤਰੀ ਸ੍ਰੀ ਚੀਮਾ ਨਾਲ ਹੋਈਆਂ ਤਿੰਨ ਮੀਟਿੰਗਾਂ ਦਾ ਵੀ ਕੋਈ ਠੋਸ ਸਿੱਟਾ ਨਹੀਂ ਨਿਕਲਿਆ। ਉਹਨਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਮਾਣਭੱਤਾ ਵਰਕਰਾਂ ਦੀਆਂ ਉਜਰਤਾਂ ਵਿੱਚ ਦੁੱਗਣਾ ਵਾਧਾ ਕੀਤਾ ਜਾਵੇਗਾ, ਪਹਿਲੀ ਕੈਬਨਿਟ ਮੀਟਿੰਗ ਵਿੱਚ ਸਮੂਹ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਛੇਵੇਂ ਤਨਖਾਹ ਕਮਿਸ਼ਨ ਨੂੰ ਸੋਧ ਕੇ ਮੁਲਾਜ਼ਮ ਤੇ ਪੈਨਸ਼ਨਰ ਪੱਖੀ ਬਣਾਇਆ ਜਾਵੇਗਾ, ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਦਿੱਤਾ ਜਾਵੇਗਾ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ, ਪਰਖ ਕਾਲ ਸੰਬੰਧੀ 15-01-2015 ਅਤੇ 09-07-2016 ਦੇ ਨੋਟੀਫਿਕੇਸ਼ਨ ਰੱਦ ਕੀਤੇ ਜਾਣਗੇ, 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣਗੇ, ਪੇਂਡੂ ਭੱਤਾ ਅਤੇ ਬਾਰਡਰ ਏਰੀਆ ਭੱਤੇ ਸਮੇਤ ਕੱਟੇ ਗਏ 37 ਕਿਸਮਾਂ ਦੇ ਭੱਤੇ ਅਤੇ ਏ.ਸੀ.ਪੀ. ਬਹਾਲ ਕੀਤੇ ਜਾਣਗੇ। ਪ੍ਰੰਤੂ ਭਗਵੰਤ ਮਾਨ ਸਰਕਾਰ ਵੱਲੋਂ ਉਕਤ ਸਾਰੇ ਵਾਅਦਿਆਂ ਨੂੰ ਠੰਡੇ ਬਸਤੇ ਵਿੱਚ ਰੱਖ ਦਿੱਤਾ ਗਿਆ ਹੈ ਅਤੇ ਦਰਜਾ-4 ਦੀਆਂ ਪੋਸਟਾਂ ‘ਤੇ ਰੈਗੂਲਰ ਕੀਤੇ ਜਾਣ ਵਾਲੇ 20-20 ਸਾਲਾਂ ਦੀ ਸੇਵਾ ਕਰ ਚੁੱਕੇ ਕੱਚੇ ਵਰਕਰਾਂ ‘ਤੇ ਮਿਡਲ ਪਾਸ ਦੀ ਸ਼ਰਤ ਥੋਪ ਦਿੱਤੀ ਗਈ ਹੈ।
ਰੈਲੀ ਵਿੱਚ ਤੀਰਥ ਸਿੰਘ ਬਾਸੀ, ਹਰਿੰਦਰ ਦੁਸਾਂਝ, ਨਵਪ੍ਰੀਤ ਬੱਲੀ, ਸੁਭਾਸ਼ ਮੱਟੂ, ਵੇਦ ਪ੍ਰਕਾਸ਼, ਅਵਤਾਰ ਸਿੰਘ ਤਾਰੀ, ਦੇਵ ਰਾਜ ਲੁਧਿਆਣਾ, ਸੁੱਚਾ ਸਿੰਘ ਕਪੂਰਥਲਾ, ਕੇਵਲ ਸਿੰਘ, ਹਰਿੰਦਰਜੀਤ ਸਿੰਘ ਜਸਪਾਲ, ਫੁੱਲਾ ਸਿੰਘ ਪੱਡਾ ਅਤੇ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਵਿੱਚ 01-01-2016 ਨੂੰ 125% ਡੀ.ਏ. ਨੂੰ ਅਧਾਰ ਬਣਾ ਕੇ ਅਨੁਸਾਰ ਗੁਣਾਂਕ ਤਹਿ ਕੀਤਾ ਜਾਵੇ, ਰਹਿੰਦੇ 8% ਮਹਿੰਗਾਈ ਭੱਤੇ ਦੀਆਂ ਦੋ ਕਿਸ਼ਤਾਂ ਅਤੇ ਪਿਛਲੇ ਬਕਾਏ ਦਿੱਤੇ ਜਾਣ ਅਤੇ ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਯਕਮੁਸ਼ਤ ਦਿੱਤੇ ਜਾਣ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਸਾਂਝੇ ਫਰੰਟ ਨਾਲ ਮੀਟਿੰਗ ਕਰਕੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ 14 ਅਕਤੂਬਰ ਨੂੰ ਚੰਡੀਗੜ੍ਹ ਵਿਖੇ 50 ਹਜ਼ਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਵੱਡੀ ਰੈਲੀ ਕਰਕੇ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਵੱਲੋਂ ਤਹਿਸੀਲਦਾਰ ਜਲੰਧਰ ਗੁਰਪ੍ਰੀਤ ਸਿੰਘ ਘਿਰਾਓ ਵਿੱਚ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕੀਤਾ।
ਰੈਲੀ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਕਿਸ਼ਨ ਚੰਦ ਜਾਗੋਵਾਲੀਆ, ਡੀ.ਕੇ. ਮਹਿਤਾ, ਮੁਕੇਸ਼ ਗੁਜਰਾਤੀ, ਗੁਰਵਿੰਦਰ ਸਿੰਘ ਸਸਕੌਰ, ਡਿੰਪਲ ਜਲੰਧਰ, ਅਮਨਦੀਪ ਬਾਗਪੁਰ, ਗੁਰਮੁਖ ਸਿੰਘ ਬਾਬਾ, ਜਗਤਾਰ ਸਿੰਘ ਭੁੰਗਰਨੀ, ਮਹਿੰਦਰ ਰਾਮ ਫੁਗਲਾਣਾ, ਗੁਰਜੀਤ ਕੌਰ ਸ਼ਾਹਕੋਟ, ਜਸਵਿੰਦਰ ਕੌਰ ਟਾਹਲੀ, ਵੇਦ ਰਾਜ ਗੜ੍ਹਾ, ਮੱਖਣ ਸਿੰਘ ਵਾਹਿਦਪੁਰੀ, ਕੁਲਵਿੰਦਰ ਸਿੰਘ ਜੋਸਨ, ਕੰਵਲਜੀਤ ਸੰਗੋਵਾਲ, ਬਲਵਿੰਦਰ ਸਿੰਘ, ਪ੍ਰੇਮ ਕੁਮਾਰ ਜਲੰਧਰ, ਵਰਿੰਦਰ ਸਿੰਘ ਕੰਬੋਜ਼, ਕੁਲਦੀਪ ਸਿੰਘ ਕੌੜਾ, ਬਲਵਿੰਦਰ ਕੁਮਾਰ, ਪ੍ਰਮੋਦ ਗਿੱਲ ਅਤੇ ਪੁਸ਼ਪਿੰਦਰ ਵਿਰਦੀ ਆਦਿ ਨੇ ਵੀ ਸੰਬੋਧਨ ਕੀਤਾ।