ਬਰੇਟਾ 3 ਜੁਲਾਈ ( ਨਰੇਸ ਕੁਮਾਰ ਰਿੰਪੀ,ਰਾਮ ਖੁਡਾਲ ) ਜਿਵੇਂ ਜਿਵੇਂ ਗਰਮੀ ਆਪਣੀ ਤੇਜ ਤਪਸ ਨਾਲ
ਆਪਣਾ ਰਿਕਾਰਡ ਬਣਾ ਕੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਉਸਦੇ ਨਾਲ ਹੀ ਆਮ ਆਦਮੀ ਦੇ
ਢਿੱਡ ਭਰਨ ਲਈ ਤੜਕੇ ਦਾ ਸਵਾਦ ਵਧਾਉਣ ਲਈ ਵਰਤੀਆਂ ਜਾਂਦੀਆਂ ਸਬਜ਼ੀਆਂ ਨੇ ਵੀ ਆਪਣਾ ਰੇਟਾਂ ਦਾ
ਰਿਕਾਰਡ ਕਾਇਮ ਕਰਨ ਵੱਲ ਪੁਲਾਂਘਾਂ ਪੁੱਟੀਆਂ ਹਨ। ਜਿਵੇਂ ਕਿ ਅਦਰਕ ਜਿਹੜਾ ਕਿ ਹਰੀਆਂ ਸਬਜ਼ੀਆਂ ਵਿੱਚ
ਪਾ ਕੇ ਵਰਤਿਆ ਜਾਂਦਾ ਹੈ। ਉਸ ਦੇ ਭਾਅ ਚਾਰ ਮਹੀਨੇ ਪਹਿਲਾਂ 60-70 ਰੁਪਏ ਤੇ ਮਹੀਨਾ ਪਹਿਲਾਂ 150 ਰੂਪੇ
ਕਿਲੋ ਸੀ । ਪਰ ਹੁਣ ਇਸਦਾ ਭਾਅ 400 ਰੁਪਏ ਪ੍ਰਤੀ ਕਿਲੋ ਤੇ ਅੱਪੜ ਗਿਆ ਹੈ । ਲਸਣ ਜਿਹੜਾ ਕਿ ਤਿੰਨ
ਮਹੀਨੇ ਪਹਿਲਾਂ ਆਮ ਗਲੀਆਂ ਵਿੱਚ 70-80 ਰੁਪਏ ਕਿਲੋ ਵਿਕਦਾ ਸੀ । ਹੁਣ ਇਹ ਗਲੀਆਂ ਵਿੱਚ ਨਹੀਂ
ਅੱਪੜਦਾ ਤੇ ਪੱਕੇ ਅੱਡੇ ਵਾਲੀਆਂ ਕੁਝ ਦੁਕਾਨਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਣ ਸਦਕਾ 200 ਰੁਪੈ ਕਿੱਲੋ ਹੋ ਗਿਆ
ਹੈ। ਟਮਾਟਰ ਜਿਹੜਾ ਕਿ 3 ਮਹੀਨੇ ਪਹਿਲਾਂ 50 ਰੁਪਏ ਦਾ ਤਿੰਨ ਕਿਲੋ ਸੀ। ਹੁਣ ਇਸਦਾ ਭਾਅ 120 ਰੁਪਏ
ਕਿਲੋ ਬੋਲਿਆ ਜਾ ਰਿਹਾ ਹੈ।ਸਬਜੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਇਸ ਦਾ ਥੋਕ ਦਾ ਭਾਅ 90 ਰੁਪਏ ਤੇ
ਖਰਚਾ ਪਾ ਕੇ 100 ਰੁਪਏ ਪੈਂਦਾ ਹੈ। 120 ਰੁਪਏ ਵੇਚ ਕੇ ਵੀ ਕੁਝ ਪੱਲੇ ਨਹੀਂ ਪੈਂਦਾ। ਕਿਉਂਕਿ ਕੁਝ ਦਬ ਜਾਂਦਾ ਹੈ
ਤੇ ਕੁਝ ਗਰਮੀ ਕਾਰਨ ਸੜ ਜਾਂਦਾ ਹੈ। ਗਰਮੀ ਕਾਰਨ ਆਲੂ ਵੀ ਜਿਹੜਾ ਕਿ ਕੁਝ ਸਮਾਂ ਪਹਿਲਾਂ 8 ਰੁਪਏ ਕਿਲੋ
ਸੀ ਹੁਣ 20 ਰੁਪਏ ਕਿਲੋ ਹੋ ਗਿਆ ਹੈ । ਗੋਭੀ ਜਿਹੜੀ ਕਿ ਸਰਦੀ ਵਿੱਚ ਵਿਕਣੋ ਹਟ ਜਾਣ ਤੇ ਗਊਸ਼ਾਲਾ ਲਈ
ਹਰੇ ਚਾਰੇ ਵਿੱਚ ਵਰਤੀ ਜਾਣ ਲੱਗੀ ਸੀ ਉਹ ਵੀ ਹੁਣ 100 ਰੁਪਏ ਕਿਲੋ ਸਟੋਰਾ ਚੋ ਆ ਕੇ ਵਿਕ ਰਹੀ ਹੈ। ਗਵਾਰੇ
ਦੀਆਂ ਫਲੀਆਂ ਜੋ ਦੋ ਮਹੀਨੇ ਪਹਿਲਾਂ ਗਲੀਆਂ ਵਿੱਚ 30 ਰੁਪਏ ਕਿਲੋ ਵਿਕਦੀਆਂ ਸਨ। ਹੁਣ ਤਾਂ ਉਹ ਵੀ 100
ਰੁਪਏ ਤੇ ਜਾ ਚੁੱਕੀਆਂ ਹਨ। ਆਮ ਕਰਕੇ ਮੋਸਮੀ ਸਬਜ਼ੀਆਂ ਜਿਵੇਂ ਕਿ ਕੱਦੂ, ਕਰੇਲੇ, ਤੋਰੀਆਂ, ਭਿੰਡੀਆਂ,ਟਿੰਡੀਆ,
ਆਦਿ ਦਾ ਭਾਅ ਵੀ 50 ਤੋਂ 60 ਦੇ ਵਿਚਕਾਰ ਬੋਲਿਆ ਜਾਂਦਾ ਹੈ। ਜਦ ਕਿ ਦਾਲਾਂ ਦਾ ਭਾਅ ਤਾਂ ਪਹਿਲਾਂ ਹੀ
ਉਪਰਲੇ ਅਸਮਾਨ ਤੇ ਹੈ। ਇਸ ਤਰਾਂ ਆਮ ਤੇ ਗਰੀਬ ਪਰਿਵਾਰ ਦੀ ਰੋਟੀ ਦੇ ਸਵਾਦ ਦਾ ਇਹ ਸਮਾਨ ਹਰੀਆਂ
ਸਬਜ਼ੀਆਂ ਤੇ ਤੜਕੇ ਦਾ ਸਮਾਨ ਬੇ ਸੁਆਦਾ ਹੋ ਕੇ ਰਹਿ ਗਿਆ ਹੈ। ਜ਼ੀਰਾ ਜਿਹੜਾ ਮਸਾਲੇ ਵਿੱਚ ਦਵਾਈ ਦਾ ਕੰਮ
ਕਰਦਾ ਹੈ, ਨੇ ਵੀ 180 ਤੋਂ ਉੱਪਰ ਉੱਠ ਕੇ 800 ਤੇ ਜਾ ਕੇ ਇਸ ਦਵਾਈ ਮਸਾਲੇ ਦਾ ਹੱਕ ਵੀ ਖੋਹ ਲਿਆ ਹੈ।