ਫਗਵਾੜਾ 8 ਜੂਨ (ਸ਼ਿਵ ਕੋੜਾ) ਦਰਬਾਰ ਮਾਈ ਭੁੱਲੀ ਘੁਮਾਰੀ ਸਾਬਰੀ ਖਵਾਜਾ ਸਾਹਿਬ ਜੀ ਭੈਰੋਂ ਬਾਲੀ ਮਾਈ ਭੁੱਲੀ ਦਰਬਾਰ ਪਿੰਡ ਪਾਂਛਟਾ ਵਿਖੇ ਚਾਰ ਰੋਜ਼ਾ ਸਲਾਨਾ ਜੋੜ ਮੇਲਾ 10 ਤੋਂ 14 ਜੂਨ ਤੱਕ ਮਹੰਤ ਬਾਬਾ ਜੇ.ਬੀ. ਸ਼ਾਹ ਦੀ ਅਗਵਾਈ ਹੇਠ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਸਾਈਂ ਕਰਨੈਲ ਸ਼ਾਹ ਗੱਦੀ ਨਸ਼ੀਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਅਤੇ ਮਹੰਤ ਬਾਬਾ ਜੇ.ਬੀ. ਸ਼ਾਹ ਨੇ ਦੱਸਿਆ ਕਿ ਸ਼ਨੀਵਾਰ 10 ਜੂਨ ਦੀ ਰਾਤ ਨੂੰ ਮਹਿੰਦੀ ਦੀ ਰਸਮ ਤੋਂ ਬਾਅਦ ਦੂਜੇ ਦਿਨ 11 ਜੂਨ ਨੂੰ ਬਾਅਦ ਦੁਪਹਿਰ 2 ਵਜੇ ਨਿਸ਼ਾਨ ਸਾਹਿਬ ਦੀ ਰਸਮ ਹੋਵੇਗੀ। ਸ਼ਾਮ 5 ਵਜੇ ਚਰਾਗ਼ ਅਤੇ ਚਾਦਰ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ। ਰਾਤ 9 ਵਜੇ ਕੱਵਾਲ ਅਤੇ ਨਕਾਲ ਪਾਰਟੀਆਂ ਆਪਣੇ ਫਨ ਦਾ ਮੁਜਾਹਰਾ ਕਰਨਗੀਆਂ। ਤੀਜੇ ਦਿਨ ਸੋਮਵਾਰ 12 ਜੂਨ ਨੂੰ ਛਿੰਝ ਦੀ ਰਸਮ ਹੋਵੇਗੀ। ਮੇਲੇ ਦੇ ਆਖਰੀ ਦਿਨ 14 ਜੂਨ ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ਖਵਾਜਾ ਸਾਹਿਬ ਦੇ ਬੇੜੇ ਦੀ ਰਸਮ ਅਦਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਲਾਨਾ ਜੋੜ ਮੇਲੇ ਦੌਰਾਨ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਦਾਤਾ ਜੀ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਸਮਾਗਮ ਦੌਰਾਨ ਗੁਰੂ ਮਹੰਤ ਮਾਈ ਭੋਲੀ ਸਲੇਮ ਟਾਬਰੀ ਲੁਧਿਆਣਾ, ਸੋਨੀਆ ਮਹੰਤ ਫਗਵਾੜਾ, ਪਾਰੋ ਮਾਈ ਫਗਵਾੜਾ, ਕਾਜਲ ਅਤੇ ਗੁੜੀਆ ਮਹੰਤ ਫਗਵਾੜਾ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦੇਣਗੇ। ਉਨ੍ਹਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਸਲਾਨਾ ਜੋੜ ਮੇਲੇ ਵਿੱਚ ਸ਼ਾਮਲ ਹੋ ਕੇ ਖਵਾਜਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ