ਨਵੀਂ ਦਿੱਲੀ, 29 ਮਾਰਚ (ਯੂ. ਐਨ. ਆਈ.)-ਅੰਮ੍ਰਿਤਪਾਲ ਸਿੰਘ ਨੂੰ ਲੱਭਣ ਲਈ ਪੰਜਾਬ ਪੁਲਿਸ ਆਪ੍ਰੇਸ਼ਨ ਚਲਾ ਰਹੀ ਹੈ। ਇਸ ਦੇ ਲਈ ਪੰਜਾਬ ਪੁਲਿਸ ਕਈ ਸੂੁਬਿਆਂ ਦੀ ਪੁਲਿਸ ਦੀ ਵੀ ਮਦਦ ਲੈ ਰਹੀ ਹੈ। ਇਸੇ ਦੌਰਾਨ ਦਿੱਲੀ ਪੁਲਿਸ ਨੂੰ ਸੀਸੀਟੀਵੀ ਕੈਮਰੇ ਦੀ ਇਕ ਫੁਟੇਜ ਮਿਲੀ ਹੈ, ਜਿਸ ਵਿਚ ਅੰਮ੍ਰਿਤਪਾਲ ਤੇ ਉਸ ਦੇ ਕਰੀਬੀ ਪਪਲਪ੍ਰੀਤ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਵੀਡੀਓ ’ਚ ਅੰਮ੍ਰਿਤਪਾਲ ਨੇ ਮਾਸਕ ਪਾਇਆ ਹੋਇਆ ਹੈ ਤੇ ਡੈਨਿਮ ਜੈਕੇਟ ਪਾਈ ਹੋਈ ਹੈ। ਇਹ ਵੀਡੀਓ 21 ਮਾਰਚ ਦੀ ਮਧੂ ਵਿਹਾਰ ਇਲਾਕੇ ਦੇ ਰਮੇਸ਼ ਪਾਰਕ ਦੀ ਦੱਸੀ ਜਾ ਰਹੀ ਹੈ। ਸੜਕ ’ਤੇ ਲੱਗੇ ਸਰਕਾਰੀ ਸੀਸੀਟੀਵੀ ਕੈਮਰੇ ’ਚ ਦੋਵਾਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਸਨ। ਅੰਮ੍ਰਿਤਪਾਲ ਨੇ ਕਾਲੀ ਐਨਕ ਪਾਈ ਹੋਈ ਹੈ। ਉਸ ਨੇ ਪੱਗੜੀ ਨਹੀਂ ਪਾਈ ਸੀ। ਸੂਤਰਾਂ ਮੁਤਾਬਕ, ਅੰਮ੍ਰਿਤਪਾਲ ਦਾ ਕਰੀਬੀ ਪਪਲਪ੍ਰੀਤ ਸਿੰਘ ਵੀ ਉਸ ਦੇ ਨਾਲ ਸੀ। ਪਪਲਪ੍ਰੀਤ ਸਿੰਘ ਦੇ ਮੋਢੇ ’ਤੇ ਇਕ ਬੈਗ ਸੀ। ਸੂਤਰਾਂ ਦੀ ਮੰਨੀਏ ਤਾਂ ਸੂਚਨਾ ਮਿਲਣ ’ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਵੀ ਮੌਕੇ ਦਾ ਮੁਆਇਨਾ ਕਰਨ ਰਮੇਸ਼ ਪਾਰਕ ਗਈ ਸੀ। ਸੂੁਤਰਾਂ ਨੇ ਕਿਹਾ ਕਿ ਅੰਮ੍ਰਿਤਪਾਲ ਆਪਣੇ ਸਾਥੀ ਪਪਲਪ੍ਰੀਤ ਸਿੰਘ ਦੇ ਨਾਲ ਰਮੇਸ਼ ਪਾਰਕ ਇਲਾਕੇ ’ਚ ਰਹਿਣ ਵਾਲੇ ਇਕ ਜਾਣਕਾਰ ਦੇ ਇੱਥੇ ਸਾਰੀ ਰਾਤ ਠਹਿਰਿਆ ਸੀ ਤੇ ਸਵੇਰੇ ਚਲਾ ਗਿਆ। ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਨਾਲ ਇਸ ਸਬੰਧ ’ਚ ਇਨਪੁੱਟ ਸਾਂਝਾ ਕੀਤਾ ਹੈ। ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਫੜਨ ਲਈ 18 ਮਾਰਚ ਤੋ ਆਪ੍ਰੇਸ਼ਨ ਚਲਾ ਰਹੀ ਹੈ। ਪੁਲਿਸ ਨੂੰ ਇਨਪੁਟ ਮਿਲਿਆ ਸੀ ਕਿ ਅੰਮ੍ਰਿਤਪਾਲ ਦਿੱਲੀ ਤੇ ਯੂਪੀ ਦੇ ਰਸਤੇ ਨੇਪਾਲ ਭੱਜ ਸਕਦਾ ਹੈ। ਇਸ ਤੋਂ ਬਾਅਦ ਹੀ ਭਾਰਤੀ ਦੂਤਘਰ ਨੇ ਨੇਪਾਲੀ ਅਧਿਕਾਰੀਆਂ ਨੂੰ ਪੰਜਾਬੀ ਭਗੌੜੇ ਦੀ ਤਸਵੀਰ ਤੇ ਉਸ ਬਾਰੇ ਸਾਰੇ ਵੇਰਵੇ ਦਿੱਤੇ ਹਨ। ਦੂਤਘਰ ਨੇ ਨੇਪਾਲੀ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਵਿਦੇਸ਼ ਭੱਜਣ ਦੌਰਾਨ ਆਪਣਾ ਅਸਲੀ ਪਾਸਪੋਰਟ ਜਾਂ ਫਰਜ਼ੀ ਪਾਸਪੋਰਟ ਦਾ ਇਸਤੇਮਾਲ ਕਰ ਸਕਦਾ। ਦੱਸਣਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਦਿੱਲੀ ਪੁਲਿਸ ਨੇ ਸਰਚ ਆਪ੍ਰੇਸ਼ਨ ਚਲਾਇਆ ਸੀ। ਦਿੱਲੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਅੰਮ੍ਰਿਤਪਾਲ ਦਿੱਲੀ ’ਚ ਕਿਤੇ ਲੁਕਿਆ ਬੈਠਾ ਹੈ। ਇਸਦੇ ਬਾਅਦ ਬਿਨਾ ਦੇਰ ਕੀਤੇ ਪੁਲਿਸ ਨੇ ਮੁਹਿੰਮ ਚਲਾਇਆ, ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗਾ। ਇੱਕ ਹੋਰ ਖ਼ਬਰ ਮੁਤਾਬਕ ਖਾਲਿਸਤਾਨੀ ਕੁਨਬੇ ਦੇ ਵੱਡੇ ਰਾਜ਼ਦਾਰ ਅੰਮ੍ਰਿਤਪਾਲ ਸਿੰਘ ਬਾਰੇ ਸੁਰੱਖਿਆ ਏਜੰਸੀ ਨੇ ਵੱਡਾ ਖੁਲਾਸਾ ਕੀਤਾ ਹੈ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਦਾ ਫਾਈਨਾਂਸਰ ਦਲਜੀਤ ਕਲਸੀ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਬੇਟੇ ਦਾ ਕਰੀਬੀ ਹੈ। ਕਲਸੀ ਦੇ ਸਬੰਧ ਕਮਰ ਜਾਵੇਦ ਬਾਜਵਾ ਦੇ ਪੁੱਤਰ ਸਾਦ ਬਾਜਵਾ ਦੀ ਕੰਪਨੀ ਨਾਲ ਸਨ। ਸਾਦ ਦੀ ਕੰਪਨੀ ਦੁਬਈ ਵਿਚ ਹੈ। ਕਲਸੀ ਵੀ ਦੋ ਮਹੀਨਿਆਂ ਲਈ ਦੁਬਈ ਗਿਆ ਹੋਇਆ ਹੈ। ਖਾਲਿਸਤਾਨੀ ਅੱਤਵਾਦੀ ਲੰਡਾ ਹਰੀਕੇ ਨੇ ਦੁਬਈ ’ਚ ਰਹਿਣ ਦਾ ਇੰਤਜ਼ਾਮ ਕੀਤਾ ਸੀ। ਇਸ ਤੋਂ ਇਲਾਵਾ ਦਿੱਲੀ ਦਾ ਇੱਕ ਹੋਰ ਵੱਡਾ ਫਾਈਨਾਂਸਰ ਵੀ ਕਲਸੀ ਲਈ ਕੰਮ ਕਰਦਾ ਸੀ। ਸੂਤਰਾਂ ਮੁਤਾਬਕ ਦਲਜੀਤ ਕਲਸੀ ਦੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਸੰਪਰਕ ਵਿਚ ਹੋਣ ਦੇ ਸਬੂਤ ਮਿਲੇ ਹਨ। ਕਲਸੀ ਦੇ ਸਬੰਧ ਬੰਬੀਹਾ ਗੈਂਗ ਦੇ ਕਰੀਬੀ ਗੈਂਗਸਟਰ ਨਾਲ ਵੀ ਪਾਏ ਗਏ ਸਨ। ਕਲਸੀ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬਦ ਗੈਂਗਸਟਰ ਨੀਰਜ ਬਵਾਨੀਆ ਦਾ ਵੀ ਕਰੀਬੀ ਹੈ। ਕਲਸੀ ਨੇ ਕਾਫੀ ਸਮਾਂ ਪਹਿਲਾਂ ਦਿੱਲੀ ’ਚ ਆਪਣਾ ਦਫਤਰ ਖੋਲ੍ਹਿਆ ਸੀ ਤੇ ਉਹ ਪੰਜਾਬ ’ਚ ਮਾਡਲਿੰਗ ਕਰਨ ਜਾਂ ਫਿਲਮਾਂ ’ਚ ਕੰਮ ਕਰਵਾਉਣ ਦਾ ਕੰਮ ਕਰਦਾ ਸੀ। ਸੂਤਰਾਂ ਮੁਤਾਬਕ ਕਲਸੀ ਅੰਮ੍ਰਿਤਪਾਲ ਦਾ ਸਭ ਤੋਂ ਵੱਡਾ ਵਿਸ਼ਵਾਸਪਾਤਰ ਅਤੇ ਕਰੀਬੀ ਦੋਸਤ ਹੈ।