ਪੁਣਾ, 29 ਮਾਰਚ (ਯੂ. ਐਨ. ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਅਫਰੀਕੀ ਦੇਸ਼ਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ। ਖੇਤਰੀ ਸੁਰੱਖਿਆ ਤੇ ਸਥਿਰਤਾ ਨੂੰ ਉਤਸ਼ਾਹਤ ਕਰਦੇ ਹੋਏ ਦੋਵੇਂ ਮਿਲ ਕੇ ਰੱਖਿਆ ਸਮਰੱਥਾਵਾਂ ਵਧਾਉਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਦੇਸ਼ ਆਪਣੀ ਪੂਰੀ ਸਮਰੱਥਾ ਨਾਲ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਉਸ ਦੀ ਸੁਰੱਖਿਆ ਯਕੀਨੀ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਭਾਈਵਾਲ ਅਫਰੀਕੀ ਦੇਸ਼ਾਂ ਨੂੰ ਸਮਰਥਨ ਦੇਣ ਲਈ ਵਚਨਬੱਧ ਹੈ। ਰੱਖਿਆ ਸਬੰਧੀ ਸਾਰੇ ਮਾਮਲਿਆਂ ਸਮੇਤ ਅਫਰੀਕੀ ਦੇਸ਼ਾਂ ਦੀਆਂ ਆਰਮਡ ਫ਼ੌਜਾਂ ਦੀ ਸਮਰੱਥਾ ਵਧਾਉਣ ਅਤੇ ਆਰਥਿਕ ਤੇ ਸਮਾਜਿਕ ਵਿਕਾਸ ਯਕੀਨੀ ਬਣਾਉਣ ਲਈ ਭਾਰਤ ਕਾਹਲਾ ਹੈ। ਰੱਖਿਆ ਮੰਤਰੀ ਸਿੰਘ ਨੇ ਦੂਜੇ ਫ਼ੌਜੀ ਅਭਿਆਸ ਏਐੱਫਇਨਡੈਕਸ 2023 ਤੋਂ ਹਟ ਕੇ ਭਾਰਤ-ਅਫਰੀਕੀ ਫ਼ੌਜ ਮੁਖੀਆਂ ਦੇ ਪਹਿਲੇ ਕਨਕਲੇਵ ’ਚ ਕਿਹਾ ਕਿ ਖੇਤਰੀ ਸ਼ਾਂਤੀ ਤੇ ਖੁਸ਼ਹਾਲੀ ਲਈ ਹਿੰਦ ਮਹਾਸਾਗਰ ਨਾਲ ਜੁੜੇ ਗੁਆਂਢੀ ਮੁਲਕਾਂ ਤੋਂ ਜਲ ਸੈਨਿਕ ਸੁਰੱਖਿਆ ’ਚ ਸਹਿਯੋਗ ਕਰਨਾ ਸਾਡਾ ਮਕਸਦ ਹੈ। ਇਸ ਦਿਸ਼ਾ ’ਚ ਜਲ ਸਰਵੇਖਣ ਤੇ ਅੱਤਵਾਦ ਰੋਕੂ ਕਦਮ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਹਾਲੀਆ ਸਾਲਾਂ ’ਚ ਭਾਰਤ ਪ੍ਰਮੁੱਖ ਰੱਖਿਆ ਬਰਾਮਦਕਾਰ ਬਣ ਕੇ ਉੱਭਰਿਆ ਹੈ। ਭਾਰਤ ’ਚ ਰੱਖਿਆ ਨਿਰਮਾਣ ਦਾ ਈਕੋਸਿਸਟਮ ਸਥਾਪਤ ਕੀਤਾ ਗਿਆ ਹੈ। ਇਸ ਨਾਲ ਕਾਫ਼ੀ ਤਕਨੀਕੀ ਕਿਰਤ ਨੂੰ ਉਤਸ਼ਾਹ ਮਿਲਿਆ ਹੈ। ਭਾਰਤੀ ਰੱਖਿਆ ਇੰਡਸਟਰੀ ਤੁਹਾਡੇ ਨਾਲ ਕੰਮ ਕਰ ਕੇ ਤੁਹਾਡੀਆਂ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰ ਸਕਦੀ ਹੈ। ਅਫਰੀਕੀ ਦੇਸ਼ਾਂ ਦੀਆਂ ਫ਼ੌਜਾਂ ਨੂੰ ਸਿਖਲਾਈ ਦੇਣ ’ਚ ਭਾਰਤ ਹਮੇਸ਼ਾ ਅੱਗੇ ਰਿਹਾ ਹੈ। ਉਹ ਉਨ੍ਹਾਂ ਨੂੁੰ 21ਵੀਂ ਸਦੀ ਦੀਆਂ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਕਰ ਰਿਹਾ ਹੈ। ਭਾਰਤੀ ਫ਼ੌਜ ਨੇ ਏਐੱਫਇਨਡੈਕਸ 2023 ਤਹਿਤ 21 ਮਾਰਚ ਤੋਂ ਪੁਣੇ ’ਚ 22 ਅਫਰੀਕੀ ਦੇਸ਼ਾਂ ਦੀਆਂ ਫ਼ੌਜਾਂ ਨਾਲ ਨੌਂ ਦਿਨਾ ਫ਼ੌਜੀ ਅਭਿਆਸ ਕੀਤਾ। ਫ਼ੌਜੀ ਅਭਿਆਸ ਖ਼ਤਮ ਹੋਣ ਤੋਂ ਇਕ ਦਿਨ ਪਹਿਲਾਂ ਯਾਨੀ 28 ਮਾਰਚ ਨੂੰ ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਅਫਰੀਕੀ ਦੇਸ਼ਾਂ ਦੇ ਫ਼ੌਜ ਮੁਖੀਆਂ ਦੇ ਸੰਮੇਲਨ ਦੀ ਮੇਜ਼ਬਾਨੀ ਕੀਤੀ। ਫ਼ੌਜ ਮੁਖੀ ਨੇ ਕਿਹਾ ਕਿ ਭਾਰਤ-ਅਫਰੀਕਾ ਅੱਤਵਾਦ ਤੇ ਹਿੰਸਕ ਅੱਤਵਾਦ ਦੇ ਸਾਂਝੇ ਖ਼ਤਰਿਆਂ ਦਾ ਸਾਹਮਣਾ ਕਰਦੇ ਹਨ ਜੋ ਸਾਡੇ ਵਿਕਾਸ ਦੇ ਟੀਚਿਆਂ ਨੂੰ ਉਲਟ ਰੂਪ ’ਚ ਪ੍ਰਭਾਵਿਤ ਕਰ ਰਹੇ ਹਨ। ਅੱਤਵਾਦ ਦਾ ਮੁਕਾਬਲਾ ਕਰਨ ’ਚ ਸਾਡੇ ਸਹਿਯੋਗ ਤੇ ਆਪਸੀ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ 2018 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ ਅਫਰੀਕਾ ਨਾਲ ਸਹਿਯੋਗ ਲਈ 10 ਮਾਰਗਦਰਸ਼ਕ ਸਿਧਾਂਤਾਂ ’ਚੋਂ ਇਕ ਸੀ।