ਜ਼ੀਰਾ, 11 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ ) :– ਜ਼ੀਰਾ ਸ਼ਹਿਰ ਤੋਂ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਗਰੀਬ ਪਰਿਵਾਰ ਦਾ ਇਕ ਲੜਕਾ ਜਸਵਿੰਦਰ ਸਿੰਘ ਉਰਫ਼ ਜਸ਼ਨ, ਜਿਸ ਦੀ ਉਮਰ ਕਰੀਬ 13 ਸਾਲ ਜੋ ਘਰੋਂ ਲਾਪਤਾ ਹੋਇਆ ਸੀ, ਜਿਸ ਦੀ ਮਾਂ ਬਾਪ ਅਤੇ ਰਿਸ਼ਤੇਦਾਰਾਂ ਵਲੋਂ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਉਸ ਬੱਚੇ ਦੀ ਲਾਸ਼ ਸ਼ਾਹ ਵਾਲਾ ਰੋਡ ਜ਼ੀਰਾ ਦੇ ਖੇਤਾਂ ‘ਚੋਂ ਮਿਲੀ ਹੈ | ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ | ਜਸ਼ਨ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਉਹ ਪੰਜਵੀਂ ਕਲਾਸ ਵਿਚ ਪੜ੍ਹਦਾ ਸੀ ਜੋ ਕੱਲ੍ਹ ਦਾ ਲਾਪਤਾ ਸੀ | ਪੁਲਿਸ ਵਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਉਨ੍ਹਾਂ ਦੇ ਬੱਚੇ ਨੂੰ 24 ਘੰਟਿਆਂ ‘ਚ ਲੱਭ ਲਿਆ ਜਾਵੇਗਾ | ਦੂਸਰੇ ਪਾਸੇ ਮੌਕੇ ‘ਤੇ ਪਹੁੰਚੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ | ਐਸ. ਪੀ. ਡੀ. ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਪਰਿਵਾਰਕ ਮੈਬਰਾਂ ਦੇ ਬਿਆਨ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਜਲਦ ਫੜ ਲਿਆ ਜਾਵੇਗਾ |