Home » ਰੂਸ ਨੇ ਬਖਮੁਤ ਸ਼ਹਿਰ ਨੂੰ ‘ਨਸ਼ਟ’ ਕੀਤਾ : ਜੇਲੇਂਸਕੀ

ਰੂਸ ਨੇ ਬਖਮੁਤ ਸ਼ਹਿਰ ਨੂੰ ‘ਨਸ਼ਟ’ ਕੀਤਾ : ਜੇਲੇਂਸਕੀ

by Rakha Prabh
156 views

ਕੀਵ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਕਿਹਾ ਕਿ ਰੂਸੀ ਫੌਜ ਨੇ ਪੂਰਬੀ ਯੂਕ੍ਰੇਨ ਦੇ ਬਖਮੁਤ ਸ਼ਹਿਰ ਨੂੰ ‘ਨਸ਼ਟ’ ਕਰ ਦਿੱਤਾ ਹੈ। ਯੂਕ੍ਰੇਨੀ ਫੌਜ ਨੇ ਵੀ ਸ਼ਨੀਵਾਰ ਨੂੰ ਦੱਸਿਆ ਕਿ ਰੂਸ ਵਲੋਂ ਦੇਸ਼ ਦੇ ਕਈ ਹਿੱਸਿਆਂ ਵਿਚ ਮਿਜ਼ਾਈਲ, ਰਾਕੇਟ ਅਤੇ ਹਵਾਈ ਹਮਲੇ ਕੀਤੇ ਗਏ, ਜਿਨ੍ਹਾਂ ਨੂੰ ਉਹ ਮਹੀਨਿਆਂ ਤੋਂ ਜਾਰੀ ਅੜਿੱਕੇ ਦੇ ਬਾਵਜੂਦ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਢੇ 9 ਮਹੀਨੇ ਤੋਂ ਜਾਰੀ ਇਸ ਜੰਗ ਵਿਚ ਰੂਸ ਦਾ ਧਿਆਨ ਹੁਣ ਯੂਕ੍ਰੇਨ ਦੇ ਉਨ੍ਹਾਂ 4 ਸੂਬਿਆਂ ’ਤੇ ਕੇਂਦਰਿਤ ਹੋ ਗਿਆ ਹੈ ਜਿਨ੍ਹਾਂ ’ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੀਤੇ ਸਤੰਬਰ ਮਹੀਨੇ ਵਿਚ ਕਬਜ਼ਾ ਕਰਨ ਦਾ ਦਾਅਵਾ ਕੀਤਾ ਸੀ। ਜੰਗ ਤੋਂ ਸੰਕੇਤ ਮਿਲਿਆ ਹੈ ਕਿ ਰੂਸ ਨੂੰ ਉਨ੍ਹਾਂ ਖੇਤਰਾਂ ’ਤੇ ਕੰਟਰੋਲ ਸਥਾਪਤ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਯੂਕ੍ਰੇਨ ਇਨ੍ਹਾਂ ਖੇਤਰਾਂ ਨੂੰ ਦੁਬਾਰਾ ਹਾਸਲ ਕਰਨ ਸਬੰਧੀ ਅਡਿੱਗ ਹੈ।

ਜੇਲੇਂਸਕੀ ਨੇ ਕਿਹਾ ਕਿ ਪੂਰਬੀ ਯੂਕ੍ਰੇਨ ਦੇ ਦੋਨੇਤਸਕ ਅਤੇ ਲੁਹਾਂਸਕ ਸੂਬਿਆਂ ਦੀਆਂ ਕਈ ਮੁਹਰਲੀਆਂ ਲਾਈਨਾਂ ਦੇ ਸ਼ਹਿਰਾਂ ਵਿਚ ਹਾਲਾਤ ਬਹੁਤ ਮੁਸ਼ਕਲ ਹਨ। ਇਹ ਸੂਬੇ ਡੋਨਬਾਸ ਖੇਤਰ ਦੇ ਤਹਿਤ ਆਉਂਦੇ ਹਨ, ਜੋ ਰੂਸੀ ਸਰਹੱਦ ’ਤੇ ਸਥਿਤ ਇਕ ਉਦਯੋਗਿਕ ਖੇਤਰ ਹੈ। ਪੁਤਿਨ ਦਾ ਧਿਆਨ ਜੰਗ ਦੀ ਸ਼ੁਰੂਆਤ ਤੋਂ ਹੀ ਇਸ ਖੇਤਰ ’ਤੇ ਰਿਹਾ ਜਿਥੇ ਵੱਖਵਾਦੀ ਸਾਲ 2014 ਤੋਂ ਹੀ ਲੜ ਰਹੇ ਹਨ। ਜੇਲੇਂਸਕੀ ਨੇ ਰਾਤ ਜਾਰੀ ਆਪਣੇ ਵੀਡੀਓ ਵਿਚ ਕਿਹਾ ਕਿ ਬਖਮੁਤ, ਸੋਲੇਦਰ, ਮਾਰਯਿੰਕਾ, ਕ੍ਰੇਮਿਨਾ। ਲੰਬੇ ਸਮੇਂ ਤੋਂ ਇਨ੍ਹਾਂ ਖੇਤਰਾਂ ਦੀ ਜ਼ਮੀਨ ’ਤੇ ਕੋਈ ਜੀਵੰਤ ਸਥਾਨ ਨਹੀਂ ਬਚਿਆ ਹੈ ਜਿਥੇ ਰੂਸੀ ਗੋਲਾਬਾਰੀ ਨਾਲ ਨੁਕਸਾਨ ਨਹੀਂ ਹੋਇਆ ਹੋਵੇ। ਜੇਲੇਂਸਕੀ ਨੇ ਕਿਹਾ ਕਿ ਰੂਸ ਨੇ ਅਸਲ ਵਿਚ ਡੋਨਬਾਸ ਖੇਤਰ ਦੇ ਇਕ ਹੋਰ ਸ਼ਹਿਰ ਬਖਮੁਤ ਨੂੰ ‘ਨਸ਼ਟ’ ਕਰ ਦਿੱਤਾ, ਪਰ ਉਨ੍ਹਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ‘ਨਸ਼ਟ’ ਤੋਂ ਉਨ੍ਹਾਂ ਦਾ ਕੀ ਮਤਲਬ ਹੈ ਕਿਉਂਕਿ ਕੁਝ ਇਮਾਰਤਾਂ ਹੁਣ ਵੀ ਖੜ੍ਹੀਆਂ ਹਨ ਅਤੇ ਬਾਸ਼ਿੰਦੇ ਹੁਣ ਵੀ ਸ਼ਹਿਰ ਦੀਆਂ ਸੜਕਾਂ ’ਤੇ ਘੁੰਮ ਰਹੇ ਹਨ। ਯੂਕ੍ਰੇਨੀ ਫੌਜੀ ਜਨਰਲ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਦਰਮਿਆਨ ਰੂਸ ਵਲੋਂ 20 ਹਵਾਈ ਹਮਲੇ ਅਤੇ 60 ਤੋਂ ਜ਼ਿਆਦਾ ਰਾਕੇਟ ਹਮਲਿਆਂ ਤੋਂ ਇਲਾਵਾ ਮਿਜ਼ਾਈਲੀ ਹਮਲੇ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਬੁਲਾਰੇ ਅਲੈਕਜੈਂਡਰ ਸ਼ੁਤਪੁਨ ਨੇ ਕਿਹਾ ਕਿ ਬਖਮੁਤ ਜ਼ਿਲੇ ਵਿਚ ਸਭ ਤੋਂ ਸਰਗਰਮ ਲੜਾਈ ਹੋਈ, ਜਿਥੇ 20 ਤੋਂ ਜ਼ਿਆਦਾ ਆਬਾਦੀ ਵਾਲੇ ਸਥਾਨ ਗੋਲਾਬਾਰੀ ਦੀ ਲਪੇਟ ਵਿਚ ਆ ਗਏ।

Related Articles

Leave a Comment