ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਕੋਲੇ ਦੀ ਖਾਨ ਵਿਚ ਗੈਸ ਧਮਾਕੇ ਵਿਚ 9 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂਕਿ 4 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪੁਲਸ ਅਧਿਕਾਰੀ ਨਜੀਰ ਖਾਨ ਨੇ ਦੱਸਿਆ ਕਿ ਓਕਰਜ਼ਈ ਕਬਾਇਲੀ ਜ਼ਿਲ੍ਹੇ ਦੀ ਡੋਲੀ ਕੋਲਾ ਖਾਨ ਵਿਚ ਬੁੱਧਵਾਰ ਨੂੰ ਗੈਸ ਵਿਚ ਚੰਗਿਆੜੀ ਨਾਲ ਧਮਾਕਾ ਹੋਇਆ। ਉਸ ਸਮੇਂ ਉੱਥੇ 13 ਮਜ਼ਦੂਰ ਕੰਮ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਅਦਨਾਨ ਖਾਨ ਨੇ ਦੱਸਿਆ ਕਿ ਠੇਕੇਦਾਰ ਸਮੇਤ 9 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਮਲਬੇ ਵਿਚੋਂ 4 ਮਜ਼ਦੂਰਾਂ ਨੂੰ ਕੱਢਿਆ ਗਿਆ ਹੈ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਕੇਡੀਓ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਉਨ੍ਹਾਂ ਮੁਤਾਬਕ ਸਰਕਾਰ ਦੇ ਮਾਈਨਜ਼ ਡਿਵੈਲਪਮੈਂਟ ਵਿਭਾਗ ਦੇ ਅਧਿਕਾਰੀਆਂ ਦੇ ਇਕ ਦਲ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਉਹ ਇਸ ਨਤੀਜੇ ‘ਤੇ ਪਹੁੰਚਿਆ ਕਿ ਗੈਸ ਵਿਚ ਚੰਗਿਆੜੀ ਕਾਰਨ ਧਮਾਕਾ ਹੋਇਆ।