ਵੱਡੀ ਖ਼ਬਰ : ਸਿੰਚਾਈ ਘੁਟਾਲੇ ’ਚ ਵਿਜੀਲੈਂਸ ਬਿਊਰੋ ਨੇ ਦੋ ਸਾਬਕਾ ਆਈਏਐੱਸ ਅਧਿਕਾਰੀਆਂ ਨੂੰ ਭੇਜਿਆ ਨੋਟਿਸ
ਚੰਡੀਗੜ੍ਹ, 31 ਅਕਤੂਬਰ : ਸਾਬਕਾ ਅਕਾਲੀ ਸਰਕਾਰ ’ਚ ਹੋਏ ਸਿੰਚਾਈ ਘੁਟਾਲੇ ’ਚ ਵਿਜੀਲੈਂਸ ਬਿਊਰੋ ਨੇ ਦੋ ਸਾਬਕਾ ਆਈਏਐਸ ਅਧਿਕਾਰੀਆਂ ਨੂੰ ਪੁੱਛਗਿੱਛ ਦੇ ਲਈ ਬੁਲਾਉਣ ਦੇ ਲਈ ਦੂਜੀ ਵਾਰ ਨੋਟਿਸ ਭੇਜਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਅਧਿਕਾਰੀਆਂ ਦੇ ਸਬੰਧ ’ਚ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹ ਵਿਦੇਸ਼ ’ਚ ਹਨ ਅਤੇ ਇਸ ਕਾਰਨ ਜਾਂਚ ’ਚ ਸ਼ਾਮਲ ਨਹੀਂ ਹੋ ਸਕਦੇ, ਪਰ ਇਸ ਨੋਟਿਸ ਦੇ ਬਾਅਦ ਦੋਵਾਂ ਅਧਿਕਾਰੀਆਂ ਤੋਂ ਪੁੱਛਗਿੱਛ ਦੇ ਲਈ ਕਾਨੂੰਨੀ ਤਰੀਕਾ ਅਪਣਾਇਆ ਜਾਵੇਗਾ। ਇਸ ਦੇ ਲਈ ਕਾਨੂੰਨੀ ਸਲਾਹ ਲਈ ਜਾਵੇਗੀ। ਵਿਜੀਲੈਂਸ ਜਿਨ੍ਹਾਂ ਤਿੰਨ ਅਫ਼ਸਰਾਂ ਦੇ ਖ਼ਿਲਾਫ਼ ਜਾਂਚ ਕਰ ਰਹੀ ਹੈ, ਉਹ ਸੇਵਾਮੁਕਤ ਹੋ ਚੁੱਕੇ ਹਨ।
ਨਿਯਮਾਂ ਦੇ ਅਨੁਸਾਰ ਆਈਏਐਸ ਅਫ਼ਸਰ ਦੀ ਸੇਵਾਮੁਕਤੀ ਦੇ ਚਾਰ ਸਾਲ ਬਾਅਦ ਤੱਕ ਜੇਕਰ ਕਿਸੇ ਮਾਮਲੇ ’ਚ ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਕਰਨੀ ਹੋਵੇ ਤਾਂ ਇਸ ਦੇ ਲਈ ਸਰਕਾਰ ਤੋਂ ਆਗਿਆ ਲੈਣੀ ਪੈਂਦੀ ਹੈ। ਬੀਤੀ 18 ਅਕਤੂਬਰ ਨੂੰ ਸਿੰਚਾਈ ਵਿਭਾਗ ਦੇ ਸਾਬਕਾ ਪ੍ਰਮੱਖ ਸਕੱਤਰ ਤੇ ਸੇਵਾਮੁਕਤ ਆਈਏਐਸ ਅਧਿਕਾਰੀ ਕਾਹਨ ਸਿੰਘ ਪਨੂੰ ਵਿਜੀਲੈਂਸ ਦੇ ਅੱਗੇ ਪੇਸ਼ ਹੋਏ ਸੀ। ਉਨ੍ਹਾਂ ਤੋਂ ਲਗਭਗ ਚਾਰ ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ।
ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਬੀਤੀ 26 ਅਕਤੂਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ, ਪਰ ਜਦ ਵਿਜੀਲੈਂਸ ਅਧਿਕਾਰੀ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਪੁੱਛਗਿੱਛ ਕਰਨ ਦਾ ਨੋਟਿਸ ਲੈ ਕੇ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਵਿਦੇਸ਼ ’ਚ ਹੋਣ ਦੀ ਜਾਣਕਾਰੀ ਦਿੱਤੀ। ਜਦਕਿ ਤੀਸਰੇ ਸੇਵਾਮੁਕਤ ਆਈਏਐਸ ਅਧਿਕਾਰੀ ਦੇ ਬੀਐਸ ਸਿੱਧੂ ਪਹਿਲਾਂ ਤੋਂ ਹੀ ਵਿਦੇਸ਼ ’ਚ ਰਹਿੰਦੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਦੂਜੀ ਵਾਰ ਨਿਯਮਾਂ ਤਹਿਤ ਨੋਟਿਸ ਭੇਜਿਆ ਜਾ ਰਿਹਾ ਹੈ। ਇਸ ਮਾਮਲੇ ’ਚ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਨੇ ਬੀਤੇ ਸ਼ਨਿਚਰਵਾਰ ਨੂੰ ਅਦਾਲਤ ’ਚ ਪਟੀਸ਼ਨ ਦਾਇਰ ਕਰ ਵਿਜੀਲੈਂਸ ਵੱਲੋਂ ਅਟੈਚ ਕੀਤੀ ਗਈ ਪ੍ਰਾਪਰਟੀ ਨੂੰ ਵੇਚਣ ਦੀ ਆਗਿਆ ਮੰਗੀ ਸੀ ਜਿਸ ਦਾ ਵਿਜੀਲੈਂਸ ਵੱਲੋਂ ਵਿਰੋਧ ਕੀਤਾ ਗਿਆ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ ਆਗਾਮੀ 10 ਨਵੰਬਰ ਨੂੰ ਹੋਣੀ ਹੈ।