ਫਗਵਾੜਾ 20 ਜੂਨ (ਸ਼ਿਵ ਕੋੜਾ) ਭਾਜਪਾ ਨੇ ਭਗਵੰਤ ਮਾਨ ਸਰਕਾਰ ‘ਤੇ ਫਗਵਾੜਾ ਨਗਰ ਨਿਗਮ ਚੋਣਾਂ ‘ਚ ਜਾਣਬੁੱਝ ਕੇ ਦੇਰ ਕਰਨ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਗੱਲਬਾਤ ਦੌਰਾਨ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਦੇ ਭਾਜਪਾ ਸਕੱਤਰ ਨਿਤਿਨ ਚੱਢਾ, ਜ਼ਿਲ੍ਹਾ ਪ੍ਰੋਟੋਕੋਲ ਸਕੱਤਰ ਬੱਲੂ ਵਾਲੀਆ ਅਤੇ ਸੀਨੀਅਰ ਆਗੂ ਅਮਿਤ ਸ਼ੁਕਲਾ ਨੇ ਕਿਹਾ ਕਿ ਪਹਿਲਾਂ ਜਾਣਬੁੱਝ ਕੇ ਅਜਿਹੀ ਵਾਰਡਬੰਦੀ ਕੀਤੀ ਗਈ ਤਾਂ ਜੋ ਵਿਰੋਧੀ ਪਾਰਟੀਆਂ ਇਤਰਾਜ਼ ਕਰਨ ਲਈ ਮਜਬੂਰ ਹੋ ਜਾਣ ਅਤੇ ਹੁਣ ਜਦੋਂ ਇਤਰਾਜ਼ ਦਰਜ ਹੋ ਚੁੱਕੇ ਹਨ ਤਾਂ ਉਨ੍ਹਾਂ ਦੀ ਪੂਰਤੀ ਨਹੀਂ ਕੀਤਾ ਜਾ ਰਹੀ ਤਾਂ ਜੋ ਚੋਣਾਂ ਕੁਝ ਹੋਰ ਸਮੇਂ ਲਈ ਮੁਲਤਵੀ ਰੱਖੀਆਂ ਜਾ ਸਕਣ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਇਸ ਦਾ ਇੱਕੋ ਇੱਕ ਕਾਰਨ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਨਿਗਮ ਚੋਣਾਂ ਵਿੱਚ ਹਾਰ ਦਾ ਡਰ ਹੈ। ਜਦੋਂ ਤੋਂ ਇਹ ਸਰਕਾਰ ਬਣੀ ਹੈ, ਫਗਵਾੜਾ ਦਾ ਵਿਕਾਸ ਠੱਪ ਹੋ ਕੇ ਰਹਿ ਗਿਆ ਹੈ। ਸ਼ਹਿਰ ਵਿੱਚ ਕੋਈ ਨਵਾਂ ਪ੍ਰਾਜੈਕਟ ਨਹੀਂ ਆਇਆ। ਵਿਕਾਸ ਦੇ ਸਿਰਫ ਹਵਾਈ ਦਾਅਵੇ ਕੀਤੇ ਜਾ ਰਹੇ ਹਨ। ਨਿਗਮ ਕਮਿਸ਼ਨਰ ਸ਼ਿਕਾਇਤਾਂ ਸੁਣਨ ਲਈ ਆਪਣੇ ਦਫ਼ਤਰ ਵਿੱਚ ਮੌਜੂਦ ਨਹੀਂ ਮਿਲਦੀ। ਸ਼ਹਿਰ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ। ਡੰਪਾਂ ਵਿੱਚੋਂ ਕੂੜਾ ਨਹੀਂ ਚੁੱਕਿਆ ਜਾਂਦਾ। ਫਗਵਾੜਾ ਵਿੱਚ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਬੁਲੰਦ ਹਨ। ਸੂਬੇ ਦੀ ਗੱਲ ਕਰੀਏ ਤਾਂ ਇਕ ਮਹੀਨੇ ’ਚ ਡਰੱਗ ਮਾਫੀਆ ਦਾ ਖਾਤਮਾ ਕਰਨ ਦਾ ਦਾਅਵਾ ਕੀਤਾ ਗਿਆ ਸੀ, ਪਰ ਕੋਈ ਨੱਥ ਨਹੀਂ ਪਾਈ ਗਈ। ਲੁੱਟ-ਖੋਹ, ਡਕੈਤੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬਿਜਲੀ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਦੇਸ਼ ਵਿਰੋਧੀ ਆਵਾਜ਼ਾਂ ਪਹਿਲਾਂ ਨਾਲੋਂ ਜ਼ਿਆਦਾ ਬੁਲੰਦ ਹੋ ਗਈਆਂ ਹਨ। ਉਹਨਾਂ ਕਿਹਾ ਕਿ ਵੋਟਰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ‘ਆਪ’ ਪਾਰਟੀ ਦੇ ਆਗੂਆਂ ਤੋਂ ਨਗਰ ਨਿਗਮ ਚੋਣਾਂ ’ਚ ਮੰਗਣਗੇ। ਇਸੇ ਕਰਕੇ ਨਿਗਮ ਚੋਣਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ। ਖੋਸਲਾ ਦੇ ਨਾਲ ਮੌਜੂਦ ਹੋਰ ਭਾਜਪਾ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਵੀ ਕਾਰਪੋਰੇਸ਼ਨ ਚੋਣਾਂ ਹੋਣਗੀਆਂ ਤਾਂ ਫਗਵਾੜਾ ‘ਚ ਭਾਜਪਾ ਦਾ ਹੀ ਝੰਡਾ ਲਹਿਰਾਏਗਾ।