ਨੇਪਾਲੀ ਨੌਕਰ ਪਰਿਵਾਰ ਨੂੰ ਨਸ਼ੀਲਾ ਪਦਾਰਥ ਖੁਆ ਕੇ ਨਕਦੀ ਤੇ ਸੋਨਾ ਲੈ ਕੇ ਫ਼ਰਾਰ
ਲੁਧਿਆਣਾ, 29 ਅਕਤੂਬਰ : ਸ਼ਹਿਰ ਦੇ ਨਾਮਵਰ ਕਾਰੋਬਾਰੀ ਅਰੁਣ ਜੈਨ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ 20 ਦਿਨ ਪਹਿਲਾ ਰੱਖੇ ਨੌਕਰ ਸਮੀਰ ਸੂਦ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਘਰ ਚੋਂ ਸੋਨੇ ਚਾਂਦੀ ਦੇ ਗਹਿਣੇ, ਨਕਦੀ ਅਤੇ ਲੱਖਾਂ ਰੁਪਏ ਦੀ ਕੀਮਤ ਦਾ ਹੋਰ ਸਾਮਾਨ ਚੋਰੀ ਕਰ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲੋਂ ਮੁਲਜਮਾਂ ਨੇ ਕਾਰੋਬਾਰੀ ਅਰੁਣ ਜੈਨ ਦੀ ਬੇਟੀ ਅਤੇ ਬਜੁਰਗ ਮਾਤਾ ਨੂੰ ਨਸ਼ੀਲੀ ਵਸਤੂ ਖੁਆ ਕੇ ਬੇਹੋਸ਼ ਕੀਤਾ।
ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਸੁਖਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲਿਸ ਨੇ ਬਾੜੇਵਾਲ ਅਵਾਣਾ ਦੇ ਰਹਿਣ ਵਾਲੇ ਇੰਡਸਟਰੀਲਿਸਟ ਅਰੁਣ ਜੈਨ ਦੇ ਬਿਆਨ ’ਤੇ ਨੇਪਾਲ ਵਾਸੀ ਸਮੀਰ ਸੂਦ ਅਤੇ ਦੋ ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਅਰੁਣ ਜੈਨ ਦੋ ਫੈਕਟਰੀਆਂ ਦੇ ਮਾਲਕ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਸਮੀਰ ਸੂਦ ਨੂੰ ਆਪਣੇ ਘਰ ’ਚ ਘਰੇਲੂ ਕੰਮ ਲਈ ਰੱਖਿਆ ਸੀ। ਸ਼ਾਮ ਵੇਲੇ ਘਰ ’ਚ ਅਰੁਣ ਜੈਨ ਦੀ ਬਜੁਰਗ ਮਾਤਾ ਅਤੇ ਬੇਟੀ ਮੌਜੂਦ ਸੀ। ਮੌਕਾ ਮਿਲਦੇ ਹੀ ਮੁਲਜਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦਾਦੀ ਪੋਤੀ ਨੂੰ ਨਸ਼ੀਲਾ ਪਦਾਰਥ ਖੁਆ ਕੇ ਬੇਹੋਸ਼ ਕੀਤਾ ਅਤੇ ਘਰ ਦੀਆਂ ਅਲਮਾਰੀਆਂ ’ਚ ਪਏ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਮੁਲਜਮਾਂ ਨੇ ਘਰ ’ਚ ਪਈਆਂ ਕਈ ਕੀਮਤੀ ਵਸਤੂਆਂ ਤੇ ਵੀ ਹੱਥ ਸਾਫ ਕਰ ਦਿੱਤਾ। ਜਾਂਚ ਅਧਿਕਾਰੀ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਅਰੁਣ ਜੈਨ ਚੋਰੀ ਹੋਏ ਸਾਮਾਨ ਸਬੰਧੀ ਜਲਦੀ ਹੀ ਸੂਚੀ ਬਣਾਕੇ ਪੂਰਾ ਵੇਰਵਾ ਦੇਣਗੇ।
ਜਾਂਚ ਅਧਿਕਾਰੀ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਕਾਰੋਬਾਰੀ ਅਰੁਣ ਜੈਨ ਨੇ ਸਮੀਰ ਸੂਦ ਨੂੰ ਕੁਝ ਦਿਨ ਪਹਿਲਾਂ ਹੀ ਘਰੇਲੂ ਕੰਮ ਲਈ ਰੱਖਿਆ ਸੀ। ਕਾਰੋਬਾਰੀ ਨੇ ਨੌਕਰ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਅਤੇ ਉਨ੍ਹਾਂ ਕੋਲ ਨੌਕਰ ਸਬੰਧੀ ਜਾਣਕਾਰੀ ਵੀ ਬਹੁਤ ਘੱਟ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਨੇ ਸਮੀਰ ਸੂਦ ਅਤੇ ਦੋ ਅਣਪਛਾਤਿਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।