ਜਲੰਧਰ, 28 ਅਗਸਤ ( ਰੋਗਿਜ਼ ਸੋਢੀ/ਗੁਰਪ੍ਰੀਤ ਸਿੰਘ ਸਿੱਧੂ ) ਸੀ.ਪੀ ਆਈ { ਐਮ } ਦੀ ਕੇਂਦਰੀ ਕਮੇਟੀ ਦੇ ਸੱਦੇ ਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆ ਖਿਲਾਫ 1 ਤੋਂ 7 ਸਤੰਬਰ 2023 ਤੱਕ ਦੇਸ਼ ਅੰਦਰ ਜਥਾ ਮਾਰਚ ਕਰਕੇ ਜਨ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਕਾਮਰੇਡ ਮਾਸਟਰ ਪਰਸ਼ੋਤਮ ਬਿਲਗਾ ਨੇ ਸੀਪੀਆਈ ( ਐਮ ) ਦੇ ਦਫ਼ਤਰ ਨੂਰਮਹਿਲ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਸੰਬੰਧੀ ਤਹਿਸੀਲ ਫਿਲੌਰ ਅੰਦਰ ਮਹਾਨ ਦੇਸ਼ ਭਗਤ ਸੀ.ਪੀ ਆਈ. { ਐਮ } ਦੇ ਰਹੇ ਵੱਡੇ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਜੱਦੀ ਪਿੰਡ ਬੁੰਡਾਲਾ ਮੰਜਕੀ ਤੋਂ 1 ਸਤੰਬਰ 2023 ਨੂੰ ਸਵੇਰੇ 10 ਵਜੇ ਜਥਾ ਮਾਰਚ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਥੇ ਦੀ ਅਗਵਾਈ ਤਹਿਸੀਲ ਅੰਦਰ ਸੀ.ਪੀ ਆਈ { ਐਮ } ਦੇ ਸੂਬਾਈ ਆਗੂ , ਜਿਲਾ ਕਮੇਟੀ ਅਤੇ ਤਹਿਸੀਲ ਕਮੇਟੀ ਮੈਂਬਰ ਕਰਨਗੇ। ਇਹ ਜਥਾ ਆਪਣੇ ਪਾਰਟੀ ਸਾਥੀਆਂ ਨੂੰ ਨਾਲ ਲੈ ਕੇ ਤਹਿਸੀਲ ਦੇ ਵੱਖ ਵੱਖ ਪਿੰਡਾ ਅਤੇ ਕਸਬਿਆਂ ਅੰਦਰ ਪੁੱਜ ਕੇ ਆਮ ਲੋਕਾਂ ਨਾਲ ਸੰਪਰਕ ਕਰਕੇ ਮੀਟਿੰਗਾਂ ਕਰੇਗਾ ਅਤੇ ਸੂਬਾ ਪਾਰਟੀ ਵਲੋਂ ਜਾਰੀ ਦੋ ਵਰਕੇ ਵੰਡ ਕੇ ਲੋਕ ਮੁਦਿਆਂ ਸੰਬੰਧੀ ਚਰਚਾ ਕਰੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਫਿਰਕੂ ਧਰੁਵੀਕਰਨ ਦੀ ਨੀਤੀ , ਸੰਘਵਾਦ ਉਪਰ ਹਮਲਾ , ਕਾਰਪੋਰੇਟ – ਫਿਰਕੂ ਗਠਜੋੜ ਵਲੋਂ ਕੌਮੀ ਜਾਇਦਾਦੀ ਦੀ ਲੁੱਟ , ਘੱਟਗਿਣਤੀਆਂ ਦਲਿਤਾਂ , ਔਰਤਾਂ ਅਤੇ ਬੱਚਿਆਂ ਖਿਲਾਫ ਵੱਧ ਰਹੇ ਅਪਰਾਧਾਂ : ਰਾਜਾਂ ਅਤੇ ਦੇਸ਼ ਅੰਦਰ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਆਦਿ ਵਰਗੇ ਮੁਦਿਆਂ ਅਤੇ ਮੁਸ਼ਕਲਾਂ ਬਾਰੇ ਗੰਭੀਰ ਚਰਚਾ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਵੱਧ ਰਹੀ ਮਹਿੰਗਾਈ, ਗਰੀਬੀ, ਬੇਰੋਜ਼ਗਾਰੀ ਅਤੇ ਹੋਰ ਮਸਲਿਆਂ ਸੰਬਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ 7 ਸਤੰਬਰ 2023 ਨੂੰ ਜਨ ਸੰਪਰਕ ਮੁਹਿੰਮ ਦੇ ਆਖਰੀ ਦਿਨ ਲੋਕਾਂ ਦੀਆਂ ਫੌਰੀ ਮੰਗਾ ਸਬੰਧੀ ਮੰਗ ਪੱਤਰ ਐਸ.ਡੀ. ਐਮ ਫਿਲੌਰ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਰਾਜਪਾਲ ਪੰਜਾਬ ਨੂੰ ਭੇਜਿਆ ਜਾਵੇਗਾ। ਇਹ ਜਨ ਸੰਪਰਕ ਮੁਹਿੰਮ 1 ਤੋਂ 4 ਸਤੰਬਰ ਤੱਕ ਬਲਾਕ ਰੁੜਕਾ ਕਲਾ, 5 ਤੋਂ 6 ਸਤੰਬਰ ਬਲਾਕ ਨੂਰਮਹਿਲ ਅਤੇ 7 ਸਤੰਬਰ ਆਖਰੀ ਦਿਨ ਬਲਾਕ ਫਿਲੌਰ ਦੇ ਪਿੰਡਾਂ ਅੰਦਰ ਚਲਾਈ ਜਾਵੇਗੀ। ਸਮੂਹ ਸਾਥੀ ਮੁਹਿੰਮ ਚ ਸ਼ਾਮਲ ਹੋਣ ਲਈ ਹਰ ਰੋਜ ਠੀਕ ਸਵੇਰੇ 10 ਵਜੇ ਤਹਿ ਸਥਾਨ ਤੇ ਪੁੱਜਣਗੇ।