ਦਲਜੀਤ ਕੌਰ
ਮਾਨਸਾ, 28 ਅਗਸਤ, 2023: ਅੱਜ ਮਾਨਸਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਸੂਬਾ ਕਮੇਟੀ ਦੀ ਅਗਵਾਈ ਵਿੱਚ ਐੱਸ.ਐੱਸ.ਪੀ ਦਫਤਰ ਅੱਗੇ ਹਜ਼ਾਰਾਂ ਕਿਸਾਨਾਂ ਨੇ ਧਰਨਾ ਲਾ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ। ਇਸ ਵਿੱਚ 13 ਜ਼ਿਲਿਆਂ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਮੁਕਤਸਰ ਸਾਹਿਬ, ਫਰੀਦਕੋਟ, ਬਠਿੰਡਾ, ਬਰਨਾਲਾ, ਸੰਗਰੂਰ, ਮਾਨਸਾ, ਮਲੇਰਕੋਟਲਾ, ਮੋਗਾ, ਮੁਹਾਲੀ ਅਤੇ ਲੁਧਿਆਣਾ ਦੇ ਕਿਸਾਨ ਪੂਰੇ ਜੋਸ਼ ਨਾਲ ਸ਼ਾਮਲ ਹੋਏ।
ਦੱਸਣਯੋਗ ਹੈ ਕਿ ਮਾਨਸਾ ਜਿਲ੍ਹੇ ਦੇ ਪਿੰਡ ਕੁੱਲਰੀਆਂ ਵਿਖੇ ਮੁਰੱਬੇਬੰਦੀ ਸਮੇਂ ਬੱਚਤ ਦੀ 71 ਏਕੜ ਜ਼ਮੀਨ ਤੇ 100 ਪਰਿਵਾਰ ਖੇਤੀ ਕਰਦੇ ਆ ਰਹੇ ਹਨ। ਇਸ ਜ਼ਮੀਨ ਤੇ ਲੱਗਪਗ 40 ਪਰਿਵਾਰਾਂ ਦੇ ਘਰ ਵੀ ਬਣੇ ਹੋਏ ਹਨ ਪਰ ਹੁਣ ਪੰਜਾਬ ਸਰਕਾਰ ਦੀ ਸ਼ਹਿ ਤੇ ਪਿੰਡ ਦਾ ਸਰਪੰਚ ਰਾਜਵੀਰ ਸਿੰਘ, ਕਿਸਾਨਾਂ ਨੂੰ ਬੇਦਖ਼ਲ ਕਰਨ ਦਾ ਯਤਨ ਕਰ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੁਰੱਬੇਬੰਦੀ ਵਿਭਾਗ ਨੇ ਇਹ ਜ਼ਮੀਨ ਕਿਸਾਨਾਂ ਦੇ ਨਾਮ ਕੀਤੀ ਹੋਈ ਹੈ ਅਤੇ ਸਰਕਾਰ ਉਹਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ।
ਪਿਛਲੇ ਸਮੇਂ ਵਿਚ ਜ਼ਮੀਨ ਤੇ ਕਬਜੇ ਲਈ ਦੋਹਾਂ ਧਿਰਾਂ ਵਿਚ ਤਿੰਨ ਚਾਰ ਵਾਰ ਰੱਸਾਕਸ਼ੀ ਹੋ ਚੁੱਕੀ ਹੈ। ਇਸੇ ਰੌਲੇ ਦੇ ਚਲਦਿਆਂ ਪਹਿਲਾਂ ਪਿੰਡ ਦੇ ਕਿਸਾਨਾਂ ਤੇ ਕੇਸ ਦਰਜ ਹੋਏ। ਫਿਰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਸਮੇਤ 30 ਕਿਸਾਨਾਂ ਅਤੇ 150 ਅਣਪਛਾਤੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਹੋ ਚੁੱਕੇ ਹਨ।
ਅੱਜ ਹਜਾਰਾਂ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਵਿੱਚ ਕਹਿ ਰਿਹਾ ਹੈ ਕਿ ਛੋਟੇ ਕਿਸਾਨਾਂ ਤੋਂ ਜ਼ਮੀਨ ਨਹੀ ਖੋਹੀ ਜਾਵੇਗੀ ਪਰ ਉਹਨਾਂ ਦੀ ਸਰਕਾਰ ਉਹਨਾਂ ਦੀ ਕਹੀ ਗੱਲ ਲਾਗੂ ਨਹੀ ਕਰ ਰਹੀ। ਆਮ ਆਦਮੀ ਪਾਰਟੀ ਦਾ ਪ੍ਰਧਾਨ ਬੁੱਧਰਾਮ ਕਿਸੇ ਵੀ ਕਨੂੰਨੀ ਨੁਕਤੇ ਤੇ ਗੱਲ ਕਰਨ ਤੋਂ ਇਨਕਾਰੀ ਹੈ ਅਤੇ ਬੇਸ਼ਰਮੀ ਨਾਲ ਭੂ ਮਾਫ਼ੀਆ ਦਾ ਪੱਖ ਪੂਰ ਰਿਹਾ ਹੈ। ਸਰਪੰਚ ਰਾਜਵੀਰ ਸਿੰਘ ਪੰਜਾਬ ਸਰਕਾਰ ਦੀ ਸ਼ਹਿ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਵਾਰ ਵਾਰ ਬਦਮਾਸ਼ੀ ਕਰ ਰਿਹਾ ਹੈ। ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਵੱਢਣੀਆਂ, ਮਜ਼ਦੂਰਾਂ ਨੂੰ ਕੁੱਟ ਕੇ ਭਜਾਉਣਾ ਅਤੇ ਮੋਟਰ ਦਾ ਪਾਣੀ ਲਾ ਰਹੇ ਕਿਸਾਨ ਤੇ ਜਾਨਲੇਵਾ ਹਮਲਾ ਕਰਕੇ ਜ਼ਖ਼ਮੀ ਕਰਨਾ ਇਸ ਦੀਆਂ ਕੁੱਝ ਮੁੱਖ ਉਦਾਹਰਨਾਂ ਹਨ। ਉਸ ਖਿਲਾਫ਼ ਕਿਸਾਨਾਂ ਵੱਲੋਂ ਪੁਲਿਸ ਕੋਲ ਦਰਖਾਸਤਾਂ ਦਿੱਤੀਆਂ ਹੋਈਆਂ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਲਟਾ ਕਿਸਾਨਾਂ ਤੇ ਆਪਣੀਆਂ ਹੀ ਮੋਟਰਾਂ ਤੋਂ ਚੋਰੀ ਕਰਨ ਦੇ ਇਲਜ਼ਾਮ ਲਗਾ ਕੇ ਪਰਚਾ ਦਰਜ ਕਰ ਦਿੱਤਾ ਹੈ।
ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਇਹ ਜ਼ਮੀਨ ਮੁਰੱਬੇਬੰਦੀ ਵੇਲੇ ਜ਼ਮੀਨ ਵਿੱਚੋਂ ਬਚੀ ਹੋਈ ਹੈ। ਇਸ ਜ਼ਮੀਨ ਦੇ ਮਾਲਕ ਅਤੇ ਕਾਬਜ਼ ਕਿਸਾਨ ਹਨ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਰਕਾਰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਵੇ।
ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਖਿਲਾਫ਼ ਇੱਕਤਰਫਾ ਗੈਰਕਨੂੰਨੀ ਕਾਰਵਾਈ ਕਰ ਰਿਹਾ ਹੈ। ਕਿਸਾਨਾਂ ਤੋਂ ਧੱਕੇ ਨਾਲ ਜ਼ਮੀਨ ਦਾ ਕਬਜ਼ਾ ਖੋਹਿਆ ਗਿਆ ਹੈ। ਕਿਸਾਨਾਂ ਦਾ ਕਬਜ਼ਾ ਤਰੁੰਤ ਬਹਾਲ ਕਰਵਾਇਆ ਜਾਵੇ।
ਇਕੱਠ ਨੂੰ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ, ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਮੋਹਾਲੀ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਅਤੇ ਮਹਿੰਦਰ ਸਿੰਘ ਦਿਆਲਪੁਰਾ ਅਤੇ ਜਥੇਬੰਦੀ ਦੀ ਔਰਤ ਵਿੰਗ ਦੀ ਆਗੂ ਬੀਬੀ ਅਮ੍ਰਿਤਪਾਲ ਕੌਰ ਹਰੀ ਨੌਂ ਨੇ ਸੰਬੋਧਨ ਕੀਤਾ।
ਮਾਨਸਾ ਤੋਂ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਸਰਪੰਚ ਰਾਜਵੀਰ ਸਿੰਘ ਨੇ 25 ਅਗਸਤ ਨੂੰ ਵੀ ਕਿਸਾਨਾਂ ਤੇ ਜਾਨਲੇਵਾ ਹਮਲਾ ਕਰਾਇਆ ਹੈ। ਪੁਲਿਸ ਨੂੰ ਦਰਖ਼ਾਸਤ ਦੇਣ ਦੇ ਬਾਵਜੂਦ ਸਰਪੰਚ ਅਤੇ ਉਸਦੇ ਗੁੰਡਿਆਂ ਖਿਲਾਫ਼ ਕੋਈ ਕਾਰਵਾਈ ਨਹੀ ਕੀਤੀ ਗਈ।
ਭਾਰੀ ਇਕੱਠ ਨੂੰ ਸੰਬੋਧਨ ਮਰਦਿਆਂ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਦੱਸਿਆ ਕਿ ਇਹ ਜ਼ਮੀਨ ਮਾਲਕੀ ਦੇ ਹਿਸਾਬ ਨਾਲ ਮੁਰੱਬੇਬੰਦੀ ਵਿਭਾਗ ਵੱਲੋਂ 1967 ਵਿਚ ਕਿਸਾਨਾਂ ਨੂੰ ਦਿੱਤੀ ਗਈ ਸੀ ਅਤੇ ਉਸ ਸਮੇਂ ਗ੍ਰਾਮ ਸਭਾ ਦੇ ਮਤੇ ਅਨੁਸਾਰ ਦੋ ਬੋਰਾਂ ਦਾ ਸੰਤਾਲੀ ਸੌ ਪ੍ਰਤੀ ਬੋਰ ਜਮ੍ਹਾਂ ਕਰਵਾ ਕੇ ਬੋਰਾਂ ਦਾ ਕਬਜ਼ਾ ਲਿਆ ਸੀ। ਓਦੋਂ ਤੋਂ ਹੀ ਕਿਸਾਨ ਇਸ ਜ਼ਮੀਨ ਤੇ ਮਾਲਕ ਹਨ ਤੇ ਖੇਤੀ ਕਰਦੇ ਆ ਰਹੇ ਹਨ। ਜਥੇਬੰਦੀ ਦੇ ਜਿਲ੍ਹਾ ਜਨਰਲ ਸਕੱਤਰ ਬਲਵਿੰਦਰ ਸ਼ਰਮਾਂ ਨੇ ਦੱਸਿਆ ਕਿ ਇਸ ਜ਼ਮੀਨ ਤੇ 40 ਪਰਿਵਾਰਾਂ ਦੇ ਘਰ ਵੀ ਬਣੇ ਹੋਏ ਹਨ।
ਇਕੱਠ ਨੂੰ ਹੋਰਨਾਂ ਤੋਂ ਇਲਾਵਾ ਕਪੂਰਥਲਾ ਤੋਂ ਅਵਤਾਰ ਸਿੰਘ ਸੈਦੋਵਾਲ, ਬਠਿੰਡਾ ਤੋਂ ਬਲਵਿੰਦਰ ਸਿੰਘ ਜੇਠੂਕੇ, ਮਲੇਰਕੋਟਲਾ ਤੋਂ ਬੂਟਾ ਖਾਨ, ਲੁਧਿਆਣਾ ਤੋਂ ਜਗਤਾਰ ਸਿੰਘ ਦੇਹੜਕਾ, ਫਿਰੋਜਪੁਰ ਤੋਂ ਦਰਸ਼ਨ ਸਿੰਘ ਕੜਮਾ, ਫਾਜਿਲਕਾ ਤੋਂ ਹਰਮੀਤ ਸਿੰਘ, ਫਰੀਦਕੋਟ ਤੋਂ ਜੱਸਾ ਸਿੰਘ ਕੁਹਾਰ ਵਾਲਾ, ਸੰਗਰੂਰ ਤੋਂ ਕਰਮਜੀਤ ਸਿੰਘ ਰਾਮਨਗਰ ਛੰਨਾ, ਬਰਨਾਲਾ ਤੋਂ ਕੁਲਵੰਤ ਮਾਨ ਭਦੌੜ, ਮੋਗੇ ਤੋਂ ਸੁਖਚੈਨ ਸਿੰਘ ਰਾਜੂ, ਮੋਹਾਲੀ ਤੋਂ ਪ੍ਰਦੀਪ ਮੁਸਾਹਿਬ ਤੇ ਮੁਕਤਸਰ ਤੋਂ ਗੁਰਦੀਪ ਸਿੰਘ ਖੁੱਡੀਆਂ ਨੇ ਵੀ ਸੰਬੋਧਨ ਕੀਤਾ।