ਫਿਰੋਜ਼ਪੁਰ, 30 ਅਗਸਤ 2023 ( )
ਸਿਹਤ ਵਿਭਾਗ ਵੱਲੋਂ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਮਾਰੂ ਬੀਮਾਰੀਆਂ ਤੋਂ ਬਚਾਉਣ ਲਈ ਰੁਟੀਨ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਰੂਟੀਨ ਟੀਕਾਕਰਨ ਦੋਰਾਨ ਵਾਂਝੇ ਰਹਿ ਗਏ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਨ ਲਈ ਤੀਬਰ ਮਿਸ਼ਨ ਇੰਦਰਧਨੁਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਪ੍ਰਭਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਅਬਰੋਲ ਨੇ ਮੁਹਿੰਮ ਸਬੰਧੀ ਜਾਗਰੂਕਤਾ ਸਮੱਗਰੀ ਰਿਲੀਜ਼ ਕਰਨ ਮੌਕੇ ਕੀਤਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਮੀਨਾਕਸ਼ੀ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਆਪਣੇ-ਆਪਣੇ ਏਰੀਏ ਵਿਚ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦੀ ਪਛਾਣ ਕਰਕੇ ਲਿਸਟਾਂ ਤਿਆਰ ਕੀਤੀਆਂ ਜਾਣ ਅਤੇ ਉਨ੍ਹਾ ਲਈ ਸੈਸ਼ਨ ਪਲਾਨ ਕਰਕੇ ਐਕਸ਼ਨ ਪਲਾਨ ਤਿਆਰ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਦਾ ਮਕਸਦ 5 ਸਾਲ ਤੋਂ ਛੋਟੇ ਬੱਚਿਆਂ ਦੇ ਨਿਯਮਿਤ ਟੀਕਾਕਰਨ ਵਿਚ ਪਏ ਪਾੜੇ ਨੂੰ ਭਰ ਕੇ ਮੁਕੰਮਲ ਟੀਕਾਕਰਨ ਕਰਨਾ ਹੈ। ਇਹ ਮੁਹਿੰਮ ਜ਼ਿਲ੍ਹੇ ਅੰਦਰ ਤਿੰਨ ਗੇੜਾਂ ਵਿਚ ਇੱਕ-ਇੱਕ ਹਫ਼ਤਾ ਚੱਲੇਗੀ ਅਤੇ ਇਸ ਮਿਸ਼ਨ ਅਧੀਨ ਬੱਚਿਆਂ ਅਤੇ ਗਰਭਵਤੀ ਮਾਵਾਂ ਦੇ 100 ਪ੍ਰਤੀਸ਼ਤ ਟੀਕਾਕਰਨ ਨੂੰ ਯਕੀਨੀ ਬਨਾਇਆ ਜਾਵੇਗਾ ਤਾਂ ਜ਼ੋ ਗਰਭਵਤੀਆਂ ਅਤੇ ਨਵ ਜਨਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਤਿੰਨ ਗੇੜਾਂ ਵਿੱਚ ਚਲਾਈ ਜਾਵੇਗੀ ਜਿਸਦਾ ਪਹਿਲਾ ਗੇੜ 11 ਸਤੰਬਰ ਤੋਂ 16 ਸਤੰਬਰ ਤੱਕ, ਦੂਜਾ ਗੇੜ 09 ਅਕਤੂਬਰ ਤੋਂ 14 ਅਕਤੂਬਰ ਤੱਕ ਅਤੇ ਤੀਜਾ ਗੇੜ 20 ਨਵੰਬਰ ਤੋਂ 25 ਨਵੰਬਰ ਤੱਕ ਚਲਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੰਜ ਸਾਲ ਤੱਕ ਦੇ ਜਿਹੜੇ ਬੱਚੇ ਕਿਸੇ ਕਾਰਣ ਟੀਕਾਕਰਣ ਤੋਂ ਵਾਂਝੇ ਰਹਿ ਗਏ ਜਾਂ ਫਿਰ ਅਧੂਰਾ ਟੀਕਾਕਰਨ ਹੋਇਆ ਹੈ, ਉਨ੍ਹਾਂ ਦਾ ਵਿਸ਼ੇਸ਼ ਕੈਂਪਾਂ ਰਾਹੀਂ ਟੀਕਾਕਰਨ ਕੀਤਾ ਜਾਵੇਗਾ। ਇਸ ਮੁਹਿੰਮ ਵਿੱਚ ਟੀਕਾਕਰਣ ਤੋਂ ਛੁੱਟ ਗਏ ਏਰੀਏ, ਹਾਈ ਰਿਸਕ ਏਰੀਏ, ਸਲੱਮ ਏਰੀਏ, ਮਾਈਗ੍ਰੇਟਰੀ ਆਬਾਦੀ, ਝੁੱਗੀਆਂ ਝੌਂਪੜੀਆਂ, ਭੱਠੇ, ਪਹੁੰਚ ਤੋਂ ਦੂਰ ਆਬਾਦੀ, ਅਤੇ ਹੋਰ ਮੁਸ਼ਕਿਲ ਏਰੀਏ ਕਵਰ ਕੀਤੇ ਜਾਣਗੇ।
ਡਾ. ਮੀਨਾਕਸ਼ੀ ਨੇ ਦੱਸਿਆ ਕਿ ਗਰਭਵਤੀ ਮਾਂਵਾਂ ਨੂੰ ਟੈਟਨਸ ਦੇ ਦੋ ਟੀਕੇ ਅਤੇ ਬੱਚਿਆਂ ਨੂੰ ਪੋਲੀਓ, ਤਪਦਿਕ, ਗਲਘੋਟੂ, ਦਸਤ, ਖਸਰਾ ਅਤੇ ਰੂਬੇਲਾ, ਦਿਮਾਗੀ ਬੁਖਾਰ, ਪੀਲੀਆ, ਕਾਲੀ ਖੰਘ, ਨਿਮੋਨੀਆ ਅਤੇ ਅੰਧਰਾਤੇ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਸੰਪੂਰਨ ਟੀਕਾਕਰਨ ਕਰਵਾਉਣਾ ਜਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਮੁਹਿੰਮ ਸੰਪੂਰਣ ਟੀਕਾਕਰਨ ਲਈ ਹੈ ਅਤੇ ਜ਼ਿਲਾ ਨਿਵਾਸੀ ਇਸ ਮੁਹਿੰਮ ਦਾ ਪੂਰਾ ਲਾਭ ਉਠਾਉਣ।
ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਹਰਕੀਰਤ ਸਿੰਘ,ਅਕਾਊਂਟ ਅਫਸਰ ਹਰਜਸਦੀਪ ਸਿੰਘ ਸਿੱਧੂ, ਸੁਪਰਡੈਂਟ ਪਰਮਵੀਰ ਸਿੰਘ ਮੌਂਗਾ, ਮਾਸ ਮੀਡੀਆ ਅਫਸਰ ਰੰਜੀਵ, ਵਿਕਾਸ ਕਾਲੜਾ, ਹਰੀਸ਼ ਕਟਾਰੀਆ ਅਤੇ ਜੋਤੀ ਮੌਂਗਾ ਵੀ ਹਾਜ਼ਰ ਸਨ।