ਫਿਰੋਜ਼ਪੁਰ 30 ਅਗਸਤ 2023 ( )
ਰੇਲਵੇ ਵਿਭਾਗ ਦੁਆਰਾ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ‘ਤੇ ਮੌਜੂਦਾ ਰੇਲਵੇ ਓਵਰਬ੍ਰਿਜ ਨੂੰ ਬਿਜਲੀਕਰਨ ਦੇ ਨਿਯਮਾਂ ਅਨੁਸਾਰ ਉੱਚਾ ਕੀਤਾ ਜਾਣਾ ਹੈ। ਰੇਜ਼ਿੰਗ ਓਪਰੇਸ਼ਨ ਦੌਰਾਨ ਓਵਰ ਬ੍ਰਿਜ ਨੂੰ 120 ਦਿਨਾਂ ਲਈ ਸੜਕੀ ਆਵਾਜਾਈ ਲਈ ਬੰਦ ਕਰਨ ਦੀ ਲੋੜ ਹੋਵੇਗੀ। ਪਰੰਤੂ ਲੋਕਾਂ ਨੂੰ ਆਵਾਜਾਈ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲਈ ਡਾਇਵਰਸ਼ਨ ਯੋਜਨਾ ਤਹਿਤ ਸ਼ਹਿਰ ਅਤੇ ਛਾਉਣੀ ਨੂੰ ਆਉਣ-ਜਾਣ ਵਾਲੇ ਲੋਕਾਂ ਲਈ ਦੂਸਰਾ ਰੂਟ ਮੈਪ (ਡਾਇਵਰਸ਼ਨ) ਬਣਾਇਆ ਜਾਵੇਗਾ। ਇਸ ਰੂਟ ‘ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਟਰੈਫਿਕ ਸਮੱਸਿਆ ਨਾ ਆਵੇ ਇਸ ਲਈ ਸੜਕਾਂ ਦੀ ਰਿਪੇਅਰ ਦਾ ਕੰਮ ਕਰਵਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਨੂੰ ਜੋੜਨ ਵਾਲਾ ਪੁੱਲ ਬਿਜਲੀਕਰਨ ਲਈ ਰੇਲਵੇ ਵਿਭਾਗ ਵੱਲੋਂ ਬੰਦ ਕੀਤਾ ਜਾਣਾ ਹੈ। ਸ਼ਹਿਰ-ਛਾਉਣੀ ਦੀ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ ਇਸ ਲਈ ਸੜਕਾਂ ਦਾ ਪੈਚ ਵਰਕ ਕਰਵਾਇਆ ਗਿਆ ਹੈ ਤਾਂ ਕਿ ਓਵਰਬ੍ਰਿਜ ਬੰਦ ਹੋਣ ਦੌਰਾਨ ਵੀ ਲੋਕਾਂ ਨੂੰ ਸਮੱਸਿਆ ਨਾ ਹੋਵੇ।
ਗੌਰਤਲਬ ਹੈ ਕਿ ਪਹਿਲਾਂ ਉਕਤ ਰੇਲਵੇ ਓਵਰਬ੍ਰਿਜ ਨੂੰ 19 ਅਗਸਤ 2023 ਤੋਂ 120 ਦਿਨਾਂ ਲਈ ਬੰਦ ਕਰਨ ਦੀ ਤਜਵੀਜ਼ ਸੀ। ਪਰੰਤੂ ਸਤਲੁਜ ਦਰਿਆ ਵਿੱਚ ਹੜ੍ਹ ਦੀ ਸਥਿਤੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਸ ਰੇਲਵੇ ਓਵਰਬ੍ਰਿਜ ਨੂੰ 17 ਸਤੰਬਰ 2023 ਤੋਂ 120 ਦਿਨਾਂ ਲਈ ਬੰਦ ਕੀਤਾ ਜਾਵੇਗਾ।