Home » ਸਰਬ ਨੌਜਵਾਨ ਸਭਾ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਸਰਬ ਨੌਜਵਾਨ ਸਭਾ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

by Rakha Prabh
30 views
ਫਗਵਾੜਾ 6 ਮਾਰਚ (ਸ਼ਿਵ ਕੋੜਾ)
ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਕ ਸਨਮਾਨ ਸਮਾਗਮ ਦਾ ਆਯੋਜਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਹੋਟਲ ਹੇਅਰ ਪੈਲੇਸ ਵਿਖੇ ਕੀਤਾ ਗਿਆ। ਜਿਸ ਵਿਚ ਐਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ, ਜੱਜ ਸੋਨਾਲੀ ਕੌਲ, ਜਯੋਤੀ ਬਾਲਾ ਮੱਟੂ ਏ.ਡੀ.ਸੀ. (ਜਨਰਲ) ਅੰਮ੍ਰਿਤਸਰ, ਡਾ.ਸੰਜੀਵ ਲੋਚਨ ਐਮ.ਡੀ. ਮਾਨਸਿਕ ਰੋਗਾਂ ਦੇ ਮਾਹਰ, ਬੀਬਾ ਹਰਪਾਲ ਕੌਰ ਧੰਜਲ ਵੈਲਡਰ ਗਰਲ, ਗਗਨਦੀਪ ਕੌਰ ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ, ਕਪੂਰਥਲਾ ਨੂੰ ਸਨਮਾਨਤ ਕਰਕੇ ਹੌਸਲਾ ਅਫਜਾਈ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਸ. ਗੁਰਦੀਪ ਸਿੰਘ ਸੀਹਰਾ ਚਾਂਸਲਰ ਜੀ.ਐਨ.ਏ ਯੂਨੀਵਰਸਿਟੀ ਫਗਵਾੜਾ ਨੇ ਕੀਤੀ। ਉਹਨਾ ਨੇ ਨਾਰੀ ਦਿਵਸ ਮੌਕੇ ਜਿੱਥੇ ਸਮੂਹ ਮਹਿਲਾਵਾਂ ਨੂੰ ਵਧਾਈ ਦਿੱਤੀ, ਉੱਥੇ ਹੀ ਇਸ ਗੱਲ ’ਤੇ ਖੁਸ਼ੀ ਪ੍ਰਗਟ ਕੀਤੀ ਕਿ ਅੱਜ ਦੇ ਸਮੇਂ ’ਚ ਔਰਤਾਂ ਹਰ ਖੇਤਰ ’ਚ ਵੱਡੀਆਂ ਪ੍ਰਾਪਤੀਆਂ ਕਰ ਰਹੀਆਂ ਹਨ। ਉੱਚ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ ਅਤੇ ਕਾਰੋਬਾਰ, ਨੌਕਰੀਆਂ, ਪ੍ਰਬੰਧਨ ਅਤੇ ਸਿਆਸਤ ਵਿੱਚ ਆਪਣੇ ਵਿਲੱਖਣ ਕੰਮਾਂ ਸਦਕਾ ਆਪਣੀ ਵੱਡੀ ਹਾਜ਼ਰੀ ਦਰਜ਼ ਕਰ ਰਹੀਆਂ ਹਨ। ਇਸ ਮੌਕੇ ਬੋਲਦਿਆਂ ਰੁਪਿੰਦਰ ਕੌਰ ਐਸ.ਪੀ. ਫਗਵਾੜਾ ਨੇ ਲੜਕੀਆਂ ਨੂੰ ਵਧੇਰੇ ਮਿਹਨਤ ਕਰਨ ਅਤੇ ਹਰ ਖੇਤਰ ’ਚ ਅੱਗੇ ਵੱਧਣ ਦਾ ਸੱਦਾ ਦਿੱਤਾ। ਉਹਨਾ ਕਿਹਾ ਕਿ ਅਜੋਕੇ ਸਮੇਂ ’ਚ ਨਾਰੀ ਦੀ ਭੂਮਿਕਾ ਮਹੱਤਵਪੂਰਨ ਹੈ ਅਤੇ ਉਹ ਇਸ ਭੂਮਿਕਾ ਨੂੰ ਚੈਲਿੰਜ ਵਜੋਂ ਪ੍ਰਵਾਨ ਕਰ ਰਹੀ ਹੈ।  ਜੱਜ ਸੋਨਾਲੀ ਕੌਲ ਨੇ ਲੜਕੀਆਂ ਨੂੰ ਵਧੇਰੇ ਮਿਹਨਤ ਅਤੇ ਸਿਦਕ ਦਿਲੀ ਨਾਲ ਕੰਮ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਹੱਥੀਂ ਕੰਮ ਸਿੱਖਕੇ ਸਵੈ-ਨਿਰਭਰ ਹੋ ਕੇ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਥਾਂ ਬਨਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਮੌਕੇ ਰਾਮਪਾਲ ਰਾਣਾ ਬੀਡੀਪੀਓ ਫਗਵਾੜਾ ਨੇ ਸਰਬ ਨੌਜਵਾਨ ਸਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਭਾ ਪਹਿਲਾਂ ਹੀ ਜ਼ਰੂਰਤਮੰਦ ਲੜਕੀਆਂ ਨੂੰ ਕਿੱਤਾ ਮੁੱਖੀ ਬਣਾ ਕੇ ਸਵੈ-ਰੁਜ਼ਗਾਰਤ ਕਰਨ ਵਿੱਚ ਮਦਦ ਕਰ ਰਹੀ ਹੈ। ਇਮਪਰੂਵਮੈਂਟ ਟਰੱਸਟ ਫਗਵਾੜਾ ਦੇ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀ ਮਹੱਤਤਾ ਅਤੇ ਔਰਤਾਂ ਦੇ ਸਮਾਜ ’ਚ ਸਥਾਨ ਬਾਰੇ ਚਰਚਾ ਕੀਤੀ ਤੇ ਕਿਹਾ ਕਿ ਔਰਤਾਂ ਅੱਜ ਵੱਡੀਆਂ ਪੁਲਾਘਾਂ ਪੁੱਟ ਰਹੀਆਂ ਹਨ। ਆਮ ਆਦਮੀ ਪਾਰਟੀ ਐਸ.ਸੀ. ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਨਾਰੀ ਦੀ ਸਮਾਜ ਵਿਚ ਅਹਿਮ ਭੂਮਿਕਾ ਨੂੰ ਸਤਿਕਾਰ ਦੇਣ ਲਈ ਹੀ ਸਰਬ ਨੌਜਵਾਨ ਸਭਾ ਵਲੋਂ ਵੱਖੋ-ਵੱਖਰੇ ਖੇਤਰਾਂ ’ਚ ਅਹਿਮ ਜ਼ੁੰਮੇਵਰੀਆਂ ਨਿਭਾ ਰਹੀਆਂ ਅਤੇ ਵੱਡੀਆਂ ਪ੍ਰਾਪਤੀਆਂ ਕਰਨ ਵਾਲੀਆਂ 6 ਮਹਿਲਾਵਾਂ ਨੂੰ ਮੰਮੰਟੋ, ਮਾਣ ਪੱਤਰ ਅਤੇ ਸ਼ਾਲ ਪ੍ਰਦਾਨ ਕਰਕੇ ਸਨਮਾਨਤ ਕੀਤਾ ਗਿਆ ਹੈ। ਪ੍ਰਿੰ: ਗੁਰਮੀਤ ਸਿੰਘ ਪਲਾਹੀ ਅਤੇ ਜਤਿੰਦਰ ਸਿੰਘ ਕੁੰਦੀ ਪ੍ਰਧਾਨ ਟਰੇਡ ਵਿੰਗ ‘ਆਪ’ ਨੇ ਸਨਮਾਨਿਤ ਸਖ਼ਸ਼ੀਅਤਾਂ, ਮੁੱਖ ਮਹਿਮਾਨਾਂ ਅਤੇ ਆਏ ਹੋਏ ਸਭਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾ-ਖ਼ੂਬੀ ਨਿਭਾਈ।

Related Articles

Leave a Comment