ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ ਰਾਹੁਲ ਨਵਲਾਨੀ ਅਤੇ ਉਸ ਦੀ ਪਤਨੀ, ਸਰਕਾਰ ਵੱਲੋਂ ਲੁੱਕਆਊਟ ਨੋਟਿਸ ਜਾਰੀ
ਨਵੀਂ ਦਿੱਲੀ, 19 ਅਕਤੂਬਰ : ਪੁਲਿਸ ਵੈਸ਼ਾਲੀ ਠੱਕਰ ਖੁਦਕੁਸੀ ਮਾਮਲੇ ਦੀ ਜਾਂਚ ’ਚ ਲਗਾਤਾਰ ਜੁਟੀ ਹੋਈ ਹੈ। ਵੈਸ਼ਾਲੀ ਦੇ ਸੁਸਾਈਡ ਨੋਟ ਦੇ ਆਧਾਰ ’ਤੇ ਅਭਿਨੇਤਰੀ ਦੇ ਗੁਆਂਢੀ ਰਾਹੁਲ ਨਵਲਾਨੀ ਅਤੇ ਉਸ ਦੀ ਪਤਨੀ ਦਿਸਾ ਨਵਲਾਨੀ ਦੇ ਖਿਲਾਫ ਖੁਦਕੁਸੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ, ਪਰ ਜਦੋਂ ਪੁਲਿਸ ਉਨ੍ਹਾਂ ਦੇ ਘਰ ਪਹੁੰਚੀ ਤਾਂ ਦੋਵੇਂ ਫਰਾਰ ਹੋ ਚੁੱਕੇ ਸਨ। ਹੁਣ ਇਸ ਮਾਮਲੇ ਬਾਰੇ ਇੱਕ ਅਪਡੇਟ ਆਇਆ ਹੈ।
ਜਾਣਕਾਰੀ ਮੁਤਾਬਕ ਰਾਹੁਲ ਅਤੇ ਦਿਸ਼ਾ ’ਤੇ ਇਨਾਮ ਦਾ ਐਲਾਨ ਕਰਦੇ ਹੋਏ ਪੁਲਿਸ ਨੇ ਇਨ੍ਹਾਂ ਦੋਵਾਂ ਫਰਾਰ ਦੋਸ਼ੀਆਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਵੈਸ਼ਾਲੀ ਠੱਕਰ ਦੀ ਮੌਤ ਤੋਂ ਬਾਅਦ ਰਾਹੁਲ ਅਤੇ ਦਿਸ਼ਾ ਫਰਾਰ ਹਨ। ਦੋਵਾਂ ਬਾਰੇ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਮੱਧ ਪ੍ਰਦੇਸ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਸ ਮਾਮਲੇ ’ਚ ਕਾਰਵਾਈ ਕੀਤੀ ਹੈ। ਉਸ ਨੇ ਲੁੱਕ ਆਊਟ ਨੋਟਿਸ ਜਾਰੀ ਕਰਕੇ ਦੋਵਾਂ ਦੋਸ਼ੀਆਂ ’ਤੇ 5-5 ਹਜਾਰ ਰੁਪਏ ਦਾ ਇਨਾਮ ਐਲਾਨਿਆ ਹੈ। ਨਾਲ ਹੀ ਸਾਰੇ ਹਵਾਈ ਅੱਡਿਆਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ, ਤਾਂ ਜੋ ਉਹ ਭੱਜਣ ਦੀ ਕੋਸ਼ਿਸ਼ ਨਾ ਕਰਨ। ਵੈਸ਼ਾਲੀ ਦੇ ਮੰਗੇਤਰ ਮਿਤੇਸ਼ ਕੁਮਾਰ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਸ ਨਾਲ ਗੱਲ ਨਹੀਂ ਹੋ ਸਕੀ। ਮਿਤੇਸ਼ ਅਮਰੀਕਾ ’ਚ ਰਹਿੰਦਾ ਹੈ।
ਵਰਣਨਯੋਗ ਹੈ ਕਿ ਵੈਸ਼ਾਲੀ ਠੱਕਰ ਨੇ ਐਤਵਾਰ ਨੂੰ ਆਪਣੇ ਇੰਦੌਰ ਸਥਿਤ ਘਰ ’ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਸ ਦੇ ਕਮਰੇ ’ਚੋਂ ਪੰਜ ਪੰਨਿਆਂ ਦਾ ਸੁਸਾਈਡ ਲੈਟਰ ਅਤੇ ਇੱਕ ਡਾਇਰੀ ਬਰਾਮਦ ਹੋਈ ਹੈ, ਜਿਸ ’ਚ ਉਸ ਨੇ ਆਪਣੀ ਮੌਤ ਲਈ ਰਾਹੁਲ ਨਵਲਾਨੀ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਉਹ ਪਿਛਲੇ ਢਾਈ ਸਾਲਾਂ ਤੋਂ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਰਾਹੁਲ ਨੇ ਵੈਸ਼ਾਲੀ ਨੂੰ ਧਮਕੀ ਵੀ ਦਿੱਤੀ ਸੀ ਕਿ ਉਹ ਉਸ ਨੂੰ ਕਦੇ ਵੀ ਵਿਆਹ ਕਰਵਾ ਕੇ ਘਰ ਨਹੀਂ ਰਹਿਣ ਦੇਵੇਗਾ।