Home » ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਾਲਕੀ ਸਾਹਿਬ ਦੀ ਮਰਯਾਦਾ ‘ਚ ਗੈਰ ਜ਼ਰੂਰੀ ਦਖਲਅੰਦਾਜ਼ੀ ਰੋਕਣ ਦੀ ਅਪੀਲ।

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਾਲਕੀ ਸਾਹਿਬ ਦੀ ਮਰਯਾਦਾ ‘ਚ ਗੈਰ ਜ਼ਰੂਰੀ ਦਖਲਅੰਦਾਜ਼ੀ ਰੋਕਣ ਦੀ ਅਪੀਲ।

ਕੁਝ ਲੋਕ ਸੇਵਾ ਦੇ ਬਹਾਨੇ ਸੰਗਤ ਦਾ ਧਿਆਨ ਖਿੱਚਣ ਲਈ ਚੌਧਰਪੁਣਾ ਦਿਖਾ ਰਹੇ ਹਨ- ਪ੍ਰੋ: ਸਰਚਾਂਦ ਸਿੰਘ।

by Rakha Prabh
105 views

ਅੰਮ੍ਰਿਤਸਰ 23 ਸਤੰਬਰ (       ) ਸਿੱਖ ਚਿੰਤਕ ਪ੍ਰੋ : ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਪੱਤਰ ਲਿਖਦਿਆਂ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੀ ਰਵਾਨਗੀ ਸਮੇਂ ਕੁਝ ਲੋਕਾਂ ਵੱਲੋਂ ਚੌਧਰਪੁਣਾ ਦਿਖਾਉਂਦਿਆਂ ਸੇਵਾ ਦੇ ਬਹਾਨੇ ਕੀਤੀ ਜਾ ਰਹੀ ਗੈਰ ਜ਼ਰੂਰੀ ਦਖਲਅੰਦਾਜ਼ੀ ਰੋਕਣ ਦੀ ਅਪੀਲ ਕੀਤੀ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਕਿਵਾੜ ਖੁੱਲ੍ਹਣ ਤੋਂ ਬਾਅਦ ਅੰਮ੍ਰਿਤ ਵੇਲੇ ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਠਾ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਪਾਲਕੀ ਸਾਹਿਬ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਨੂੰ ਰਵਾਨਗੀ ਸਮੇਂ ਪਾਲਕੀ ਸਾਹਿਬ ਜਦੋਂ ਦਰਸ਼ਨੀ ਡਿਉੜੀ ਵਿਚ ਦਾਖਲ ਹੁੰਦਾ ਹੈ ਤਾਂ ਕਈ ਵਾਰ ਦੇਖਣ ਵਿਚ ਆਇਆ ਹੈ ਕਿ ਕੁਝ ਬਾਹਰੀ ਲੋਕ (ਸ਼੍ਰੋਮਣੀ ਕਮੇਟੀ ਅਧਿਕਾਰੀ ਜਾਂ ਮੁਲਾਜ਼ਮ ਵੀ ਨਹੀਂ ਲਗਦੇ ਹਨ)  ਗੁਰੂ ਸਾਹਿਬ ਦੇ ਰੁਮਾਲਾ ਸਾਹਿਬ ਦੀ ਸੇਵਾ ਜਾਂ ਮਰਯਾਦਾ ਅਨੁਸਾਰ ਜ਼ਿੰਮੇਵਾਰੀ ਨਿਭਾਉਣ ਵਾਲੇ ਫਰਾਸ਼ ਨੂੰ ਪਿੱਛੇ ਧੱਕ ਕੇ ਅੱਗੇ ਆਉਂਦੇ ਹਨ ਅਤੇ ਸੇਵਾ ਦੇ ਬਹਾਨੇ ਪਾਲਕੀ ਸਾਹਿਬ ਵਿਚ ਸੁਭਾਇਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੁਮਾਲਾ ਸਾਹਿਬ ਠੀਕ ਕਰਨ ਦੇ ਬਹਾਨੇ ਗੁਰੂ ਸਾਹਿਬ ਦੇ ਸਰੂਪ ਨੂੰ ਵਾਰ ਵਾਰ ਹੱਥ ਲਾਹੁਣ ਅਤੇ ਇੱਥੋਂ ਤਕ ਕਿ ਕਲਾਵੇ ਵਿਚ ਲੈਣ ਵਰਗਾ ਦ੍ਰਿਸ਼ ਆਮ ਦੇਖਿਆ ਜਾ ਸਕਦਾ ਹੈ। ਅਜਿਹੇ ਵਿਅਕਤੀਆਂ ਵੱਲੋਂ ਅਜਿਹੀਆਂ ਹਰਕਤਾਂ ਦਰਸ਼ਨੀ ਡਿਉੜੀ ਦੇ ਇਕ ਨਿਸ਼ਚਿਤ ਸਥਾਨ ’ਤੇ ਕਰਨ ਨਾਲ ਇਹ ਅੰਦਾਜ਼ਾ ਲਗਾਇਆ ਜਾਣਾ ਔਖਾ ਨਹੀਂ ਕਿ ਉਹ ਅਜਿਹਾ ਇਕ ਪਲਾਨ ਦੇ ਹਿੱਸੇ ਵਜੋਂ ਟੀ ਵੀ ’ਚ ਲਾਈਵ ਆਉਣ ਲਈ ਕਰਦੇ ਹਨ। ਕਿਉਂਕਿ ਉਸ ਅਸਥਾਨ ’ਤੇ ਰੋਜ਼ਾਨਾ ਲਾਈਵ ਟੈਲੀਕਾਸਟ ਸਮੇਂ ਕੈਮਰਿਆਂ ਦਾ ਫੋਕਸ ਹੁੰਦਾ ਹੈ। ਲਗਦਾ ਹੈ ਕਿ ਕੁਝ ਲੋਕ ਲਾਈਵ ਟੈਲੀਕਾਸਟ ਦੌਰਾਨ ਲਾਈਵ ‘ਚ ਆ ਕੇ ਆਪਣੀ ਅਹਿਮੀਅਤ ਨੂੰ ਜਤਾਉਂਦਿਆਂ ਹੋਰਨਾਂ ਸ਼ਰਧਾਲੂਆਂ ’ਤੇ ਆਪਣਾ ਪ੍ਰਭਾਵ ਜਮਾਉਣਾ ਚਾਹੁੰਦੇ ਹਨ। ਕਿਉਂਕਿ ਉਸ ਵਕਤ ਦੂਰੋਂ ਨੇੜਿਓਂ ਲੱਖਾਂ ਹੀ ਦਰਸ਼ਨ ਅਭਿਲਾਖੀ ਸੰਗਤਾਂ ਲਾਈਵ ਪ੍ਰਸਾਰਨ ਦੇਖ ਰਹੀਆਂ ਹੁੰਦੀਆਂ ਹਨ। ਪਾਲਕੀ ਸਾਹਿਬ ਦੀ ਪਰੰਪਰਾ ਬਾਰੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਰਚਿਤ ‘ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ’ ਪ੍ਰਕਾਸ਼ਿਤ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ‘ਚ ਉੱਲੇਖ ਹੈ ਕਿ ਚੌਰ ਬਰਦਾਰ, ਸਿੰਘ ਸਾਹਿਬ ਦੇ ਸਜੇ ਪਾਸੇ ਫਰਾਸ਼ ਸਾਹਮਣੇ ਪ੍ਰੇਮੀਆਂ ਤੋਂ ਸਿਹਰੇ ਲੈ ਕੇ ਮਹਾਰਾਜ ਦੇ ਸਰੂਪ ਉਪਰ ਸਜਾਉਂਦੇ, ਉੱਪਰੋਂ ਲਾ ਕੇ ਪ੍ਰੇਮੀਆਂ ਨੂੰ ਪ੍ਰਸਾਦ ਰੂਪ ਵਿਚ ਦਿੰਦੇ, ਪਾਲਕੀ ਦੇ ਨਾਲ ਨਾਲ ਤੁਰੇ ਜਾਂਦੇ ਹਨ, ਤੋਂ ਸਪਸ਼ਟ ਹੈ ਕਿ ਪਰੰਪਰਾ ਅਤੇ ਮਰਯਾਦਾ ਅਨੁਸਾਰ ਗੁਰੂ ਸਾਹਿਬ ਦੇ ਰੁਮਾਲਾ ਸਾਹਿਬ ਨੂੰ ਠੀਕ ਰੱਖਣ ਅਤੇ ਉਕਤ ਸਮੇਂ ਪਾਲਕੀ ਸਾਹਿਬ ਦੀ ਮੁਕੰਮਲ ਸੇਵਾ ਦੀ ਪੂਰੀ ਜ਼ਿੰਮੇਵਾਰੀ ਸਿੰਘ ਸਾਹਿਬ, ਚੌਰ ਬਰਦਾਰ ਅਤੇ ਫਰਾਸ਼ ਦੀ ਹੁੰਦੀ ਹੈ। ਪਰ ਉਕਤ ਸਮੇਂ ਕੁਝ ਲੋਕ ਸੇਵਾ ਦੇ ਬਹਾਨੇ ਚੌਧਰਪੁਣਾ ਦਿਖਾ ਰਹੇ ਹੁੰਦੇ ਹਨ। ਇਸ ਸੰਬੰਧੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਗੁਰੂ ਸਾਹਿਬ ਦੇ ਸਤਿਕਾਰ ਅਤੇ ਮਰਯਾਦਾ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਅਤੇ ਕਿਸੇ ਵੀ ਅਣ ਸੁਖਾਵੀਂ ਘਟਨਾ ਤੋਂ ਬਚਣ ਲਈ ਕਿਸੇ ਵੀ ਗੈਰ ਜ਼ਿੰਮੇਵਾਰ ਵਿਅਕਤੀ ਨੂੰ ਅਜਿਹਾ ਕਰਨ ਤੋਂ ਰੋਕਣ ਅਤੇ ਡਿਊਟੀ ‘ਤੇ ਤਾਇਨਾਤ ਫਰਾਸ਼ ਅਤੇ ਚੌਰ ਬਰਦਾਰ ਨੂੰ ਆਪਣੀ ਡਿਊਟੀ ਪੂਰੀ ਤਨ ਦੇਹੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਪਾਬੰਦ ਕਰਨ ਪ੍ਰਤੀ ਗੁਰਮਤਿ ਸਿਧਾਂਤ ਅਤੇ ਰਵਾਇਤਾਂ ਅਨੁਸਾਰ ਵਿਚਾਰਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਅਪੀਲ ਕੀਤੀ ਹੈ ।

Related Articles

Leave a Comment