ਹੁਸਿ਼ਆਰਪੁਰ, 23 ਸਤੰਬਰ (ਤਰਸੇਮ ਦੀਵਾਨਾ)- ਪੰਜਾਬੀ ਫਿਲਮ ਬੂਹੇ ਬਾਰੀਆਂ ਦੇ ਡਾਇਰੈਕਟਰ ਉਦੈ ਪ੍ਰਤਾਪ ਸਿੰਘ, ਲੇਖਕ ਜਗਦੀਪ ਅਤੇ ਅਦਾਕਾਰਾ ਨੀਰੂ ਬਾਜਵਾ ’ਤੇ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਬੇਗਮਪੁਰਾ ਟਾਈਗਰ ਫੋਰਸ ਨੇ ਐਸ ਐਸ ਪੀ ਸਰਤਾਜ ਸਿੰਘ ਚਾਹਲ ਦਫਤਰ ਵਿੱਚ ਨਾ ਹੋਣ ਕਰਕੇ ਐਸ ਪੀ ਡੀ ਸਰਬਜੀਤ ਸਿੰਘ ਬਾਹੀਆ ਨੂੰ ਫੋਰਸ ਦੇ ਸੂਬਾ ਪ੍ਰਧਾਨ ਵੀਰਪਾਲ ਠਰੋਲੀ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਹਾਜਰੀ ਵਿੱਚ ਸ਼ਿਕਾਇਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਗੂਆ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਲੀਜ਼ ਹੋਈ ਪੰਜਾਬੀ ਫਿਲਮ ਬੂਹੇ ਬਾਰੀਆਂ ’ਚ ਐਸਸੀ ਸਮਾਜ ਨਾਲ ਸਬੰਧਿਤ ਔਰਤਾਂ ਦਾ ਫਿਲਮ ਬੂਹੇ ਬਾਰੀਆ ਵਿੱਚ ਰੱਜਕੇ ਮਜ਼ਾਕ ਉਡਾਇਆ ਗਿਆ ਹੈ, ਜਿਹੜੀ ਕਿ ਬਹੁਤ ਹੀ ਸੰਵੇਦਨਸ਼ੀਲ ਅਤੇ ਮਾੜੀ ਗੱਲ ਹੈ। ਉਨ੍ਹਾ ਕਿਹਾ ਕਿ ਇਹ ਵਰਤਾਰਾ ਭਾਰਤੀ ਕਾਨੂੰਨ, ਸੱਭਿਆਚਾਰ ਅਤੇ ਧਰਮ ਦੇ ਬਿੱਲਕੁਲ ਵਿਰੁੱਧ ਹੈ। ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਕਾਨੂੰਨ ਰਾਹੀਂ ਔਰਤਾਂ ਨੂੰ ਵਿ਼ਸੇਸ਼ ਅਧਿਕਾਰ ਦਿੱਤੇ ਹੋਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਔਰਤਾਂ ਨੂੰ ਸਨਮਾਨ ਦੇਣ ਦੀ ਗੱਲ ਆਖੀ ਹੈ। ਪਰ ਪੰਜਾਬੀ ਫਿਲਮ ਬੂਹੇ ਬਾਰੀਆਂ ’ਚ ਐਸਸੀ ਸਮਾਜ ਦੀਆ ਔਰਤਾਂ ਦਾ ਅਪਮਾਨ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ। ਇਸ ਫਿਲਮ ’ਚ ਸਰਪੰਚ ਦਾ ਰੋਲ ਨਿਭਾਅ ਰਹੇ ਵਿਅਕਤੀ ਨੇ ਔਰਤ ਨੂੰ ਪੈਰ ਦੀ ਜੁੱਤੀ ਕਹਿ ਕੇ ਜੱਗ ਜਨਣੀ ਔਰਤ ਨੂੰ ਬੇਇੱਜ਼ਤ ਕੀਤਾ ਹੈ। ‘ਗੋਹਾ ਕੂੜਾ ਕਰਨ ਵਾਲੀਆਂ ਹੁਣ ਲੜਨਗੀਆਂ ਸਰਪੰਚੀ ਦੀਆਂ ਚੋਣਾਂ?’ ਗੱਲ ਆਖ ਕੇ ਐਸਸੀ ਸਮਾਜ ਦੀਆ ਔਰਤਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਖੌਤੀ ਉੱਚੀ ਜਾਤ ਦੇ ਮਰਦਾਂ ਦੁਆਰਾ ਬਲਾਤਕਾਰ ਦੀ ਸਿ਼ਕਾਰ ਹੋਈ ਐਸਸੀ ਸਮਾਜ ਨਾਲ ਸਬੰਧ ਰੱਖਣ ਵਾਲੀ ਕ੍ਰਾਂਤੀਕਾਰੀ ਔਰਤ ਫੂਲਨ ਦੇਵੀ ਜੀ ਬਾਰੇ ਵੀ ਇਸ ਫਿਲਮ ’ਚ ਅਪਮਾਨ ਜਨਕ ਸ਼ਬਦ ਬੋਲੇ ਗਏ ਹਨ, ਜਿਸ ਕਾਰਨ ਐਸ ਸਮਾਜ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੇਗਮਪੁਰਾ ਟਾਇਗਰ ਫੋਰਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬੀ ਫਿਲਮ ਬੂਹੇ ਬਾਰੀਆਂ ਦੇ ਡਾਇਰੈਕਟਰ ਉਦੈ ਪ੍ਰਤਾਪ ਸਿੰਘ, ਲੇਖਕ ਜਗਦੀਪ ਅਤੇ ਅਦਾਕਾਰਾ ਨੀਰੂ ਬਾਜਵਾ ’ਤੇ ਸਖਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਐਸਸੀ ਸਮਾਜ ਸਹਿਯੋਗੀ ਜਥੇਬੰਦੀਆਂ ਸਮੇਤ ਸੜਕਾਂ ’ਤੇ ਆ ਜਾਵੇਗਾ, ਜਿਸ ਦੀ ਨਿਰੋਲ ਜਿ਼ੰਮੇਵਾਰੀ ਸਰਕਾਰ ਦੀ ਹੋਵੇਗੀ। ਉਹਨਾ ਕਿਹਾ ਕਿ ਇਸ ਫਿਲਮ ਦੇ ਲੇਖਕ ਡਾਇਰੈਕਟਰ ਪ੍ਰੋਡੂਸਰ ਤੇ ਅਦਾਕਾਰ ਦੇ ਨਾਲ ਨਾਲ ਸੈਂਸਰ ਬੋਰਡ ਵੀ ਪੂਰਾ ਕਸੂਰਬਾਰ ਹੈ । ਬੇਗਮਪੁਰਾ ਟਾਇਗਰ ਫੋਰਸ ਪੁਰਜੋਰ ਮੰਗ ਕਰਦੀ ਹੈ ਕਿ ਪੰਜਾਬੀ ਫਿਲਮ ਬੂਹੇ ਬਾਰੀਆਂ ਦੇ ਡਾਇਰੈਕਟਰ ਉਦੈ ਪ੍ਰਤਾਪ ਸਿੰਘ, ਲੇਖਕ ਜਗਦੀਪ ਅਤੇ ਅਦਾਕਾਰਾ ਨੀਰੂ ਬਾਜਵਾ ’ਤੇ ਸਖਤ ਤੋ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰਨਾ ਤੋ ਇਲਾਵਾ ਸਤੀਸ਼ ਕੁਮਾਰ ਸ਼ੇਰਗੜ ਸੀਨੀਅਰ ਜਿਲ੍ਹਾ ਮੀਤ ਪ੍ਰਧਾਨ , ਰਾਜ ਕੁਮਾਰ ਬੱਧਣ ਪ੍ਰਧਾਨ ਬਲਾਕ 2 ,ਵਿੱਕੀ ਸਿੰਘ ਪੁਰਹੀਰਾ , ਨਾਨਕ ਚੰਦ ,ਅਮਨਦੀਪ ਸਿੰਘ , ਰਵੀ ਸੁੰਦਰ ਨਗਰ , ਸਾਬੀ ਡੀ ਜੇ ਵਾਲਾ ਆਦਿ ਹਾਜਰ ।