ਸੰਗਰੂਰ, 5 ਜੁਲਾਈ, 2023: ਸੁਨਾਮ ਸ਼ਹਿਰ ’ਚੋ ਖਿਡੌਣਾ ਪਿਸਤੌਲ ਦਿਖਾ ਕੇ ਕਾਰ ਖੋਹਣ ਦੇ ਮਾਮਲੇ ਨੂੰ ਪੁਲੀਸ ਵਲੋਂ 48 ਘੰਟਿਆਂ ਦੇ ਅੰਦਰ-ਅੰਦਰ ਸੁਲਝਾ ਲਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਕਾਰ ਅਤੇ ਵਾਰਦਾਤ ਸਮੇਂ ਵਰਤਿਆ ਖਿਡੌਣਾ ਪਿਸਤੌਲ ਬਰਾਮਦ ਕਰ ਲਿਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਸੁਨਾਮ ਦੇ ਏਰੀਆ ਵਿੱਚ ਖੋਹ ਦਾ ਮੁਕੱਦਮਾ ਹੱਲ ਕਰਦਿਆਂ ਇੱਕ ਕਥਿਤ ਦੋਸ਼ੀ ਗ੍ਰਿਫਤਾਰ ਕੀਤਾ ਹੈ ਤੇ ਖੋਹ ਕੀਤੀ ਕਾਰ ਅਤੇ ਵਾਰਦਾਤ ਸਮੇਂ ਵਰਤਿਆ ਖਿਡੌਣਾ ਪਿਸਤੌਲ ਬਰਾਮਦ ਕਰਵਾਇਆ ਗਿਆ ਹੈ। ਐੱਸ ਐੱਸ ਪੀ ਸ੍ਰੀ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 02.07.2023 ਨੂੰ ਜਸਵੀਰ ਸਿੰਘ ਪੁੱਤਰ ਰਾਜਵੀਰ ਸਿੰਘ ਵਾਸੀ ਪਿੰਡ ਨੇਜੀਆ ਖੇੜਾ ਤਹਿਸੀਲ ਨਾਥੂ, ਸ੍ਰੀ ਚੋਕਤਾ ਜ਼ਿਲਾ ਸਿਰਸਾ ਨੇ ਥਾਣਾ ਸਿਟੀ ਸੁਨਾਮ ਵਿਖੇ ਇਤਲਾਹ ਦਿੱਤੀ ਕਿ ਉਸਦਾ ਦੋਸਤ ਵਿਜੇ ਕੁਮਾਰ ਉਸਦੀ ਗੱਡੀ ਨੰ: ਐੱਚਆਰ 36 ਐਕਸ 9984 (HR-36X-9984) ਮਾਰਕਾ ਸਵਿਫਟ ਡਿਜਾਇਰ ਰੰਗ ਚਿੱਟਾ ਮਾਡਲ 2015 ਕਿਸੇ ਕੰਮ ਕਾਰ ਲਈ ਮੰਗਕੇ ਲੈ ਗਿਆ ਸੀ, ਜਿਸਨੂੰ ਵਕਤ ਕਰੀਬ 04.30 ਪੀ.ਐਮ ਪਰ ਵਿਜੇ ਕੁਮਾਰ ਨੇ ਫੋਨ ਪਰ ਦੱਸਿਆ ਕਿ ਉਹ ਤੇ ਉਸਦਾ ਦੋਸਤ ਪ੍ਰਿੰਸ ਸੋਨੀ ਗੱਡੀ ਪਰ ਸਵਾਰੀ ਛੱਡਣ ਲਈ ਸੁਨਾਮ ਆਏ ਸੀ। ਸੁਨਾਮ ਪੁੱਜ ਨਾਮਲੂਮ ਸਵਾਰ ਵਿਅਕਤੀ ਪ੍ਰਿੰਸ ਸੋਨੀ ਨੂੰ ਆਪਣੇ ਨਾਲ ਕਿਸੇ ਦੇ ਘਰ ਆਪਣਾ ਬੈਗ ਰੱਖਣ ਲਈ ਲੈ ਗਿਆ ਤੇ ਪ੍ਰਿੰਸ ਸੋਨੀ ਨੂੰ ਉੱਥੇ ਬਿਠਾ ਕੇ ਆਪ ਇਕੱਲਾ ਹੀ ਵਾਪਸ ਆ ਗਿਆ। ਜਿਸਨੇ ਵਿਜੇ ਕੁਮਾਰ ਨੂੰ ਪਿਸਤੋਲ ਦਿਖਾ ਕੇ ਗੋਲੀ ਮਾਰਨ ਦਾ ਡਰਾਵਾ ਦਿੱਤਾ ਤੇ ਗੱਡੀ ਖੋਹ ਕੇ ਫਰਾਰ ਹੋ ਗਿਆ। ਜਿਸ ਤੇ ਜਸਵੀਰ ਸਿੰਘ ਦੇ ਬਿਆਨ ਪਰ ਮੁਕੱਦਮਾ ਨੰਬਰ 160 ਮਿਤੀ 02.07.2023 ਅ/ਧ 382 ਹਿੰ:ਡੰ: ਅਤੇ 25/54/59 ਅਸਲਾ ਐਕਟ ਥਾਣਾ ਸਿਟੀ ਸੁਨਾਮ ਬਰਖਿਲਾਫ ਨਾਮਲੂਮ ਵਿਅਕਤੀ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਮੁਕੱਦਮਾ ਨੂੰ ਟਰੇਸ ਕਰਨ ਲਈ ਸ੍ਰੀ ਪਲਵਿੰਦਰ ਸਿੰਘ ਚੀਮਾਂ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਅਗਵਾਈ ਹੇਠ ਸ੍ਰੀ ਕਰਨ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਡੀ) ਸੰਗਰੂਰ, ਸ੍ਰੀ ਭਰਪੂਰ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜਨ ਸੁਨਾਮ, ਇੰਸਪੈਕਟਰ ਅਮਰੀਕ ਸਿੰਘ ਇੰਚਾਰਜ ਸੀ.ਆਈ.ਏ ਸੰਗਰੂਰ, ਇੰਸਪੈਕਟਰ ਦੀਪਇੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਸੁਨਾਮ ਅਤੇ ਥਾਣੇਦਾਰ ਕਸ਼ਮੀਰ ਸਿੰਘ ਇੰਚਾਰਜ ਜੈਲ ਪੋਸਟ ਸਿਟੀ ਸੁਨਾਮ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਟੀਮਾਂ ਵੱਲੋਂ ਕਥਿਤ ਦੋਸ਼ੀ ਦੀ ਭਾਲ ਕਰਦੇ ਹੋਏ ਪਤਾ ਲੱਗਾ ਕਿ ਉਸੇ ਕਥਿਤ ਦੋਸ਼ੀ ਨੇ ਪਿੰਡ ਕੱਕੜਵਾਲ ਵਿਖੇ ਪੈਟਰੋਲ ਪੰਪ ਤੋਂ 3000/- ਰੁਪਏ ਦਾ ਤੇਲ ਪਵਾ ਕੇ ਪੈਸੇ ਦਿੱਤੇ ਬਿਨ੍ਹਾਂ ਗੱਡੀ ਭਜਾ ਕੇ ਲੈ ਗਿਆ ਸੀ ਜਿਸਦੇ ਖਿਲਾਫ ਮੁਕੱਦਮਾ ਨੰਬਰ 95 ਮਿਤੀ 04.07.2023 ਅ/ਧ 420 ਹਿੰ:ਡੰ: ਥਾਣਾ ਸਦਰ ਧੂਰੀ ਦਰਜ ਰਜਿਸਟਰ ਹੋਇਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਉਪਰੋਕਤ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਰਵੀ ਸਰਮਾਂ ਉਰਫ ਰਵੀ ਪੁੱਤਰ ਲੇਟ ਵਿੱਦਿਆ ਸਾਗਰ ਵਾਸੀ ਨੇੜੇ ਆਦਰਸ਼ ਰੋਡ ਧੂਰੀ ਨੂੰ ਗ੍ਰਿਫਤਾਰ ਕਰਕੇ ਗੱਡੀ ਨੰਬਰ ਐੱਚਆਰ 36 ਐਕਸ 9984 (HR-36X-9984) ਸਮੇਤ ਵਾਰਦਾਤ ਸਮੇਂ ਵਰਤਿਆ ਖਿਡੌਣਾ ਪਿਸਤੌਲ ਬਰਾਮਦ ਕਰਾਇਆ ਗਿਆ ਅਤੇ ਤਫਤੀਸ਼ ਜਾਰੀ ਹੈ।
ਇਸ ਮੌਕੇ ਐੱਸਪੀ ਡੀ ਪਲਵਿੰਦਰ ਸਿੰਘ ਚੀਮਾ, ਡੀਐੱਸਪੀ ਕਰਨ ਸਿੰਘ ਸੰਧੂ, ਥਾਣਾ ਸਿਟੀ ਸੁਨਾਮ ਦੇ ਐੱਸਐੱਚਓ ਦੀਪਇੰਦਰ ਪਾਲ ਸਿੰਘ ਮੌਜੂਦ ਸਨ।