Home » ਬੇਰੁਜ਼ਗਾਰਾਂ ਨਾਲ ਮੀਟਿੰਗ ਕਰਨ ਤੋਂ ਭੱਜੀ ਪੰਜਾਬ ਸਰਕਾਰ; ਬੇਰੁਜ਼ਗਾਰਾਂ ਨਾਲ ਕੀਤੇ ਵਾਅਦੇ ਬਣੇ ਲਾਰੇ

ਬੇਰੁਜ਼ਗਾਰਾਂ ਨਾਲ ਮੀਟਿੰਗ ਕਰਨ ਤੋਂ ਭੱਜੀ ਪੰਜਾਬ ਸਰਕਾਰ; ਬੇਰੁਜ਼ਗਾਰਾਂ ਨਾਲ ਕੀਤੇ ਵਾਅਦੇ ਬਣੇ ਲਾਰੇ

ਬੇਰੁਜ਼ਗਾਰਾਂ ਵੱਲੋਂ ਮੁੜ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਦਾ ਐਲਾਨ 

by Rakha Prabh
7 views

ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ਤੋਂ ਦੂਰ ਹੀ ਭੁੰਜੇ ਬਿਠਾਏ ਬੇਰੁਜ਼ਗਾਰ

ਖੱਜਲ ਖ਼ੁਆਰੀ ਮਗਰੋਂ, ਬਿਨਾਂ ਕੋਈ ਮੀਟਿੰਗ ਕਰੇ ਵਾਪਸ ਪਰਤੇ ਬੇਰੁਜ਼ਗਾਰ 

ਦਲਜੀਤ ਕੌਰ
ਚੰਡੀਗੜ੍ਹ/ਸੰਗਰੂਰ, 7 ਮਾਰਚ, 2024: ਬੀਤੀ 25 ਫਰਵਰੀ ਨੂੰ ਸਥਾਨਕ ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਦੀ ਪੁਲਿਸ ਨਾਲ ਹੋਈ ਧੱਕਾਮੁੱਕੀ ਅਤੇ ਖਿੱਚ-ਧੂਹ ਮਗਰੋਂ ਸਥਾਨਕ ਪ੍ਰਸ਼ਾਸਨ ਨੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਮੀਟਿੰਗ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ 6 ਮਾਰਚ ਲਈ ਨਿਸ਼ਚਿਤ ਕਰਵਾਈ ਸੀ। ਜਿਹੜੀ ਕਿ ਸਰਕਾਰ ਵੱਲੋਂ ਨਹੀਂ ਕੀਤੀ ਗਈ।‌ ਕੱਲ੍ਹ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ਤੋਂ ਦੂਰ ਹੀ  ਬੇਰੁਜ਼ਗਾਰਾਂ ਨੂੰ ਭੁੰਜੇ ਹੀ ਬਿਠਾ ਕੇ ਰੱਖਿਆ ਗਿਆ। ਇਸ ਤਰ੍ਹਾਂ ਦੀ ਖੱਜਲ ਖ਼ੁਆਰੀ ਮਗਰੋਂ, ਇਹ ਬੇਰੁਜ਼ਗਾਰ ਪੰਜਾਬ ਸਰਕਾਰ ਨਾਲ ਬਿਨਾਂ ਕੋਈ ਮੀਟਿੰਗ ਕਰੇ ਵਾਪਸ ਪਰਤ ਆਏ। ਇਸ ਲਈ ਰੋਸ ਵਜੋਂ ਬੇਰੁਜ਼ਗਾਰਾਂ ਵੱਲੋਂ ਹੁਣ ਮੁੜ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਮੁੜ ਮੁੱਖ ਮੰਤਰੀ ਦੀ ਸਥਾਨਕ ਕੋਠੀ ਦਾ ਘਿਰਾਓ ਦਾ ਫੈਸਲਾ ਕੀਤਾ ਹੈ।
ਉਕਤ ਜਾਣਕਾਰੀ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਹਰਜਿੰਦਰ ਸਿੰਘ ਬੁਢਲਾਡਾ ਨੇ ਦਿੱਤੀ। ਉਹਨਾਂ ਦੋਸ਼ ਲਗਾਇਆ ਕਿ ਬੇਰੁਜ਼ਗਾਰੀ ਝੱਲਦੇ ਸਾਧਨਾ ਵਿਹੂਣੇ ਬੇਰੁਜ਼ਗਾਰ ਜਦੋਂ ਆਪਣੀਆਂ ਮੰਗਾਂ ਲੈਕੇ ਚੰਡੀਗੜ੍ਹ ਮਿੱਥੀ ਤਰੀਕ ਸਮੇਂ ਪਹੁੰਚੇ ਤਾਂ ਮੁੱਖ ਮੰਤਰੀ ਆਪਣੇ ਨਿਵਾਸ ਵਿਖੇ ਮੌਜੂਦ ਹੋਣ ਦੇ ਬਾਵਜੂਦ ਬੇਰੁਜ਼ਗਾਰਾਂ ਨੂੰ ਨਹੀਂ ਮਿਲੇ ਨਾ ਹੀ ਉਹਨਾਂ ਦੇ ਕਿਸੇ ਸਕੱਤਰ ਨੇ ਪੈਨਲ ਸਮੇਤ ਮੀਟਿੰਗ ਕਰਨੀ ਵਾਜਬ ਸਮਝੀ। ਉਲਟਾ ਬੇਰੁਜ਼ਗਾਰਾਂ ਨੂੰ ਧਮਕਾਇਆ ਗਿਆ। ਮੋਰਚੇ ਨੇ ਅੱਗੇ ਕਿਹਾ ਕਿ ਰਸਤੇ ਵਿੱਚ ਖੜ੍ਹ ਕੇ ਲੋਕਾਂ ਨੂੰ ਮਿਲਣ ਵਾਲੇ ਮੁੱਖ ਮੰਤਰੀ ਦੇ ਦਾਅਵਿਆਂ ਫੂਕ ਉਦੋਂ ਨਿਕਲੀ ਜਦੋਂ ਉਹ ਆਪਣੇ ਕਾਫਲੇ ਸਮੇਤ ਬੇਰੁਜ਼ਗਾਰਾਂ ਕੋਲੋ ਬਿਨਾਂ ਮਿਲੇ ਲੰਘ ਗਏ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ਤੋਂ ਦੂਰ ਹੀ ਉਨ੍ਹਾਂ ਨੂੰ ਭੁੰਜੇ ਹੀ ਬਿਠਾ ਕੇ ਰੱਖਿਆ ਗਿਆ। ਇਸ ਤਰ੍ਹਾਂ ਦੀ ਖੱਜਲ ਖ਼ੁਆਰੀ ਮਗਰੋਂ, ਉਹ ਪੰਜਾਬ ਸਰਕਾਰ ਨਾਲ ਬਿਨਾਂ ਕੋਈ ਮੀਟਿੰਗ ਕਰੇ ਵਾਪਸ ਪਰਤ ਆਏ।
ਉਹਨਾਂ ਮੁੱਖ ਮੰਤਰੀ ਦੇ 24 ਘੰਟੇ ਵਿੱਚ ਅਧਿਆਪਕ ਭਰਤੀ ਕਰਨ ਦੇ ਬਿਆਨ ਨੂੰ ਹਵਾਈ ਕਿਲ੍ਹੇ ਉਸਾਰਨਾ ਆਖਿਆ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੀ ਕਾਂਗਰਸ ਸਰਕਾਰ ਮੌਕੇ ਦੀਆਂ ਚਾਲੂ ਭਰਤੀਆਂ 4161 ਮਾਸਟਰ ਕੇਡਰ, 2364 ਅਤੇ 5994 ਨੂੰ ਹੀ ਚੋਣ ਜ਼ਾਬਤੇ ਤੋ ਪਹਿਲਾਂ ਮੁਕੰਮਲ ਕਰ ਦਿੱਤੀ ਜਾਵੇ।
ਉਹਨਾਂ ਕਿਹਾ ਕਿ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਉੱਤੇ ਭਰਤੀ ਕਰਵਾਉਣ, ਉਮਰ ਹੱਦ ਛੋਟ ਲੈਣ, ਆਰਟ ਐਂਡ ਕਰਾਫਟ ਦਾ ਲਿਖਤੀ ਪੇਪਰ ਕਰਵਾਉਣ, ਲੈਕਚਰਾਰ ਦੀ ਭਰਤੀ ਕਰਵਾਉਣ ਅਤੇ ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਪ੍ਰਵਾਨਤ ਅਸਾਮੀਆਂ ਦਾ ਉਮਰ ਹੱਦ ਛੋਟ ਸਮੇਤ ਇਸ਼ਤਿਹਾਰ ਜਾਰੀ ਕਰਵਾਉਣ ਦੀ ਮੰਗ ਨੂੰ ਲੈਕੇ ਮਹਿਲਾ ਦਿਵਸ ਮੌਕੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਹਨਾਂ ਪੰਜਾਬ ਦੇ ਸਮੂਹ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਪ੍ਰਾਪਤੀ ਲਈ ਹੱਕੀ ਸੰਘਰਸ਼ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।

Related Articles

Leave a Comment