Home » ਮੈਡੀਕਲ ਅਫਸਰਾਂ ਦੀਆਂ 634 ਅਸਾਮੀਆਂ ਲਈ ਨਵੰਬਰ ਮਹੀਨੇ ’ਚ ਹੋਵੇਗੀ ਵਾਕ-ਇਨ ਇੰਟਰਵਿਊ

ਮੈਡੀਕਲ ਅਫਸਰਾਂ ਦੀਆਂ 634 ਅਸਾਮੀਆਂ ਲਈ ਨਵੰਬਰ ਮਹੀਨੇ ’ਚ ਹੋਵੇਗੀ ਵਾਕ-ਇਨ ਇੰਟਰਵਿਊ

by Rakha Prabh
127 views

ਮੈਡੀਕਲ ਅਫਸਰਾਂ ਦੀਆਂ 634 ਅਸਾਮੀਆਂ ਲਈ ਨਵੰਬਰ ਮਹੀਨੇ ’ਚ ਹੋਵੇਗੀ ਵਾਕ-ਇਨ ਇੰਟਰਵਿਊ
ਚੰਡੀਗੜ੍ਹ, 19 ਅਕਤੂਬਰ : ਪੰਜਾਬ ’ਚ ਸਿਹਤ ਸੰਭਾਲ ਸਹੂਲਤਾਂ ’ਚ ਸੁਧਾਰ ਕਰਨ ਵੱਲ ਵੱਡੀ ਪੁਲਾਂਘ ਪੱਟਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿਹਤ ਵਿਭਾਗ ’ਚ ਸਪੈਸਲਿਸਟ ਡਾਕਟਰਾਂ ਦੀ ਗਿਣਤੀ ’ਚ ਵਾਧਾ ਕੀਤਾ ਜਾ ਰਿਹਾ ਹੈ। ਡਾਇਰੈਕਟੋਰੇਟ ਸਿਹਤ ਅਤੇ ਪਰਿਵਾਰ ਭਲਾਈ ਨੇ 634 (ਅਹੁਦਿਆਂ ਦੀ ਗਿਣਤੀ ਵੱਧ ਜਾਂ ਘੱਟ ਸਕਦੀ ਹੈ) ਮੈਡੀਕਲ ਅਫਸਰਾਂ (ਸਪੈਸਲਿਸਟ) ਦੀ ਭਰਤੀ ਲਈ ਵਾਕ-ਇਨ ਇੰਟਰਵਿਊ ਲਈ ਜਨਤਕ ਨੋਟਿਸ ਜਾਰੀ ਕੀਤਾ ਹੈ। ਇਹ ਇੰਟਰਵਿਊ 9 ਅਤੇ 10 ਨਵੰਬਰ ਨੂੰ ਸਵੇਰੇ 10 ਵਜੇ ਤੋਂ ਡਾਇਰੈਕਟੋਰੇਟ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ, ਪਰਿਵਾਰ ਕਲਿਆਣ ਭਵਨ, ਸੈਕਟਰ-34-ਏ, ਚੰਡੀਗੜ੍ਹ ਵਿਖੇ ਹੋਵੇਗੀ।

ਇਹ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਸਿਹਤ ਵਿਭਾਗ ਦਾ ਚਾਰਜ ਸੰਭਾਲਿਆ ਹੈ, ਉਨ੍ਹਾਂ ਦੇ ਧਿਆਨ ’ਚ ਆਇਆ ਹੈ ਕਿ ਪੇਂਡੂ ਖੇਤਰਾਂ ’ਚ ਡਾਕਟਰਾਂ ਵਿਸ਼ੇਸ਼ ਤੌਰ ’ਤੇ ਮਾਹਿਰ ਡਾਕਟਰਾਂ ਦੀ ਘਾਟ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀਆਂ ਜਨਤਕ ਸਿਹਤ ਸੰਸਥਾਵਾਂ ’ਚ ਦੇਖਭਾਲ ਸਹੂਲਤਾਂ ਦੇ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੱਤਾ।

ਸਿਹਤ ਵਿਭਾਗ ’ਚ ਇਸ ਵਿਆਪਕ ਭਰਤੀ ਮੁਹਿੰਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਜੌੜਾਮਾਜਰਾ ਨੇ ਦੱਸਿਆ ਕਿ ਇਨ੍ਹਾਂ 634 ਅਸਾਮੀਆਂ ’ਚ ਵੱਖ-ਵੱਖ ਮਾਹਰ ਸ਼ਾਮਲ ਹਨ ਜਿਵੇਂ ਕਿ ਮੈਡੀਸਨ ਨਾਲ ਸਬੰਧਤ 103, ਜਨਰਲ ਸਰਜਰੀ 78, ਗਾਇਨੀਕੋਲੋਜੀ 100, ਪੀਡੀਆਟਿ੍ਰਕਸ 122, ਅਨੈਸਥੀਸੀਆ 75, ਆਰਥੋ 113, ਰੇਡਿਓਲੋਜੀ 31, ਈ.ਐਨ.ਟੀ. 16, ਅੱਖਾਂ ਦੇ ਮਾਹਰ 16, ਸਕਿੱਨ ਐਂਡ ਵੀ.ਡੀ. 24, ਮਨੋਰੋਗ ਮਾਹਰ 10, ਛਾਤੀ ਅਤੇ ਟੀ.ਬੀ. ਦੇ ਮਾਹਰ 6, ਪੈਥੋਲੋਜੀ 12, ਮਾਈਕਰੋਬਾਇਓਲੋਜੀ 5, ਕਮਿਊਨਿਟੀ ਮੈਡੀਸਨ 4, ਬੀ.ਟੀ.ਓ. 9 ਅਤੇ ਫੋਰੈਂਸਿਕ ਮੈਡੀਸਨ 12 ਸ਼ਾਮਲ ਹਨ।

ਸਪੈਸ਼ਲਿਟੀ ਅਨੁਸਾਰ ਬ੍ਰੇਕ-ਅੱਪ, ਐਪਲੀਕੇਸਨ ਫਾਰਮੈਟ ਅਤੇ ਹੋਰ ਵੇਰਵੇ https://nhm.punjab.gov.in/ ’ਤੇ ਦੇਖੇ ਜਾ ਸਕਦੇ ਹਨ। ਉਮੀਦਵਾਰਾਂ ਨੂੰ 01.11.2022 ਤੱਕ https://nhm.punjab.gov.in/ ‘ਤੇ ਆਪਣਾ ਆਨਲਾਈਨ ਅਰਜੀ ਫਾਰਮ ਜਮ੍ਹਾਂ ਕਰਾਉਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਉਮੀਦਵਾਰ ਕਾਉਂਸਲਿੰਗ/ਇੰਟਰਵਿਊ ਸਮੇਂ ਡਾਇਰੈਕਟੋਰੇਟ, ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ, ਪਰਿਵਾਰ ਕਲਿਆਣ ਭਵਨ, ਸੈਕਟਰ-34/ਏ, ਚੰਡੀਗੜ੍ਹ ਵਿਖੇ ਆਪਣੇ ਸਾਰੇ ਦਸਤਾਵੇਜ (ਸਵੈ ਤਸਦੀਕ) ਜਮ੍ਹਾਂ ਕਰਾਉਣ।

Related Articles

Leave a Comment