ਅੰਮ੍ਰਿਤਸਰ 9 ਜੁਲਾਈ ( ਰਣਜੀਤ ਸਿੰਘ ਮਸੌਣ ) ਬਲਾਕ ਅਟਾਰੀ ਦੇ ਬੀ.ਡੀ.ਪੀ.ਓ. ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਬੀਤੇ ਦਿਨ ਰਹੀਂ ਭਾਰੀ ਵਰਖਾ ਵਿੱਚ ਸੜਕਾਂ ਉੱਤੇ ਪਾਣੀ ਦੀ ਨਿਕਾਸੀ ਕਰਨ ਲਈ ਪੰਚਾਇਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਪੰਚਾਇਤ ਅਟਾਰੀ ਦੇ ਸਹਿਯੋਗ ਨਾਲ ਨਿਕਾਸੀ ਨਾਲੇ ਵਿੱਚ ਫ਼ਸੇ ਲਿਫਾਫਿਆਂ ਅਤੇ ਕੂੜਾ ਕਰਕਟ ਕੱਢ ਕੇ ਪਾਣੀ ਦਾ ਨਿਕਾਸ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਸੂਚਨਾ ਦਿੱਤੀ ਸੀ ਕਿ ਬਰਸਾਤ ਦੇ ਮੌਸਮ ਵਿੱਚ ਹੁੰਦੀ ਭਾਰੀ ਵਰਖਾ ਕਾਰਨ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਅਟਾਰੀ ਦੀਆਂ ਸੜਕਾਂ ਤੇ ਪਾਣੀ ਖੜ੍ਹਾ ਹੋ ਚੁੱਕਾ ਹੈ ਅਤੇ ਕਈ ਇਲਾਕਿਆਂ ਵਿੱਚ ਹੜ ਵਰਗੇ ਹਲਾਤ ਬਣ ਚੁੱਕੇ ਹਨ। ਉਨ੍ਹਾਂ ਤਰੁੰਤ ਇਸ ਦਾ ਹੱਲ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਡੀ.ਡੀ.ਪੀ.ਓ. ਸੰਦੀਪ ਮਲਹੋਤਰਾ ਅਤੇ ਹੋਰ ਅਧਿਕਾਰੀ ਮੌਕੇ ਉਤੇ ਪੁੱਜੇ। ਉਨ੍ਹਾਂ ਇੱਕ ਇਲਾਕੇ ਦੇ ਲੋਕਾਂ ਵੱਲੋਂ ਲਗਾਈ ਆਰਜ਼ੀ ਰੋਕ ਨੂੰ ਹਟਾਇਆ ਅਤੇ ਨਿਕਾਸੀ ਨਾਲੇ ਵਿੱਚੋਂ ਪਲਾਸਟਿਕ ਲਿਫ਼ਾਫ਼ੇ ਆਦਿ ਕੱਢਵਾ ਕੇ ਨਿਕਾਸ ਸ਼ੁਰੂ ਕਰਵਾਇਆ, ਜਿਸ ਨਾਲ ਪਿੰਡ ਦੇ ਕਈ ਘਰਾਂ ਦਾ ਨੁਕਸਾਨ ਹੋਣ ਤੋਂ ਬਚ ਸਕਿਆ।
ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਲਿਫ਼ਾਫੇ ਅਤੇ ਹੋਰ ਕੂੜਾ ਸੜਕਾਂ ਉਤੇ ਨਾ ਸੁੱਟਿਆ ਜਾਵੇ ਤਾਂ ਜੋ ਮਾਨਸੂਨ ਵਿੱਚ ਪਾਣੀ ਦੀ ਨਿਕਾਸੀ ਅਸਾਨੀ ਨਾਲ ਹੁੰਦੀ ਰਹੇ ਅਤੇ ਸਾਰੇ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਬਰਸਾਤ ਦੇ ਸੀਜ਼ਨ ਤੋਂ ਬਾਅਦ ਪਾਣੀ ਦੀ ਨਿਕਾਸੀ ਦੇ ਪੱਕੇ ਪ੍ਰਬੰਧ ਕਰ ਦਿੱਤੇ ਜਾਣਗੇ।