ਮੁੱਖ ਮੰਤਰੀ ਮਾਨ ਵੱਲੋਂ ਰਜਿੰਦਰਾ ਹਸਪਤਾਲ ਦਾ ਅਚਨਚੇਤ ਦੌਰਾ, ਮਰੀਜ਼ਾਂ ਅਤੇ ਸਟਾਫ਼ ਦੀਆਂ ਸੁਣੀਆਂ ਮੁਸ਼ਕਲਾਂ
ਪਟਿਆਲਾ, 20 ਅਕਤੂਬਰ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪਟਿਆਲਾ ਸਥਿਤ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸਿਹਤ ਸੁਵਿਧਾਵਾਂ ਦਾ ਜਾਇਜਾ ਲਿਆ। ਅਚਨਚੇਤ ਦੌਰੇ ਦੌਰਾਨ ਮੁੱਖ ਮੰਤਰੀ ਨੇ ਹਸਪਤਾਲ ’ਚ ਦਾਖਲ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਲੋਕਾਂ ਦੀਆਂ ਤਕਲੀਫਾਂ ਸੁਣਨ ਦੇ ਨਾਲ ਮੁੱਖ ਮੰਤਰੀ ਨੇ ਮੌਕੇ ’ਤੇ ਮੌਜੂਦ ਡਾਕਟਰਾਂ ਤੋਂ ਵੀ ਸੁਵਿਧਾਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ।
ਇਥੇ ਮੌਜੂਦ ਇਕ ਮਰੀਜ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਹ ਸਾਢੇ ਤਿੰਨ ਵਜੇ ਆਏ ਹਨ ਪਰ ਡਾਕਟਰਾਂ ਵੱਲੋਂ ਹਾਲੇ ਤੱਕ ਕੋਈ ਰਾਹ ਨਹੀਂ ਦਿਖਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਮੌਕੇ ’ਤੇ ਮੌਜੂਦ ਡਾਕਟਰਾਂ ਨੂੰ ਤੁਰੰਤ ਇਲਾਜ ਸ਼ੁਰੂ ਕਰਨ ਦੀ ਹਦਾਇਤ ਕੀਤੀ ਅਤੇ ਨਾਲ ਹੀ ਮਰੀਜਾਂ ਨੂੰ ਸੁਵਿਧਾਵਾਂ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਸਪਤਾਲ ਲਈ ਲੋੜੀਂਦੀ ਸਮੱਗਰੀ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ। ਮਰੀਜਾਂ ਨਾਲ ਗੱਲਬਾਤ ਤੋਂ ਬਾਅਦ ਮੁੱਖ ਮੰਤਰੀ ਨੇ ਨਰਸਿੰਗ ਸਟਾਫ ਅਤੇ ਡਾਕਟਰਾਂ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਰਜਿੰਦਰਾ ਹਸਪਤਾਲ ਮਾਲਵੇ ਦਾ ਵੱਡਾ ਹਸਪਤਾਲ ਹੈ, ਕੈਂਸਰ ਤੋਂ ਲੈ ਕੇ ਸੜਕੀ ਹਾਦਸੇ ਸ਼ਿਕਾਰ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ। ਮਰੀਜਾਂ ਨੇ ਕਈ ਸਮੱਸਿਆਵਾਂ ਵੀ ਦੱਸੀਆਂ ਹਨ। ਅੱਜ ਦੇ ਹਸਪਤਾਲ ਦੀਆਂ ਕਮੀਆਂ ਕੱਢਣ ਨਹੀਂ, ਪੁੱਛਣ ਆਏ ਹਾਂ ਅਤੇ ਦੂਰ ਕਰਾਂਗੇ। ਇਲਾਜ ਸਬੰਧੀ ਹਸਪਤਾਲ ’ਚ ਜਿੰਨੀਆਂ ਵੀ ਦਿੱਕਤਾਂ ਮਰੀਜਾਂ ਨੂੰ ਆਉਂਦੀਆਂ ਹਨ ਉਨਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਤੇ ਬਠਿੰਡਾ ’ਚ ਵੀ ਸਿਹਤ ਸੁਵਿਧਾਵਾਂ ਵਿਚ ਵਾਧਾ ਹੋਵੇਗਾ।