ਪਟਿਆਲਾ ਦੇ ਇੰਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਪਰਾਲੀ ਨਾ ਸਾੜਨ ਦੇ ਮਤੇ ਕੀਤੇ ਪਾਸ, ਪੜੋ ਪੂਰੀ ਖ਼ਬਰ
ਪਟਿਆਲਾ, 24 ਸਤੰਬਰ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨ ਤੇ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਨਿਪਟਾਰੇ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਦੀ ਤਕਨੀਕੀ ਜਾਣਕਾਰੀ ਦੇਣ ਲਈ ਆਰੰਭੀ ਜਾਗਰੂਕਤਾ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਹਨ।
ਹੁਣ ਪਿੰਡਾਂ ਦੀਆਂ ਪੰਚਾਇਤਾਂ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਆਪ ਮੁਹਾਰੇ ਮਤੇ ਪਾ ਰਹੀਆਂ ਹਨ। ਇਸ ਲਡੀ ਤਹਿਤ ਪਿੰਡ ਜਾਂਸਲਾ ਤੇ ਕਾਲੋਮਾਜਰਾ ਦੀਆਂ ਪੰਚਾਇਤਾਂ ਨੇ ਵਿਸ਼ੇਸ਼ ਇਜਲਾਸ ਦੌਰਾਨ ਪਰਾਲੀ ਨਾ ਸਾੜਨ ਦੇ ਮਤੇ ਪਾਸ ਕੀਤੇ ਹਨ। ਪਿੰਡ ਜਾਂਸਲਾ ਦੇ ਸਰਪੰਚ ਰਾਜਕੁਮਾਰ ਜਾਂਸਲਾ ਤੇ ਪਿੰਡ ਕਾਲੋਮਾਜਰਾ ਦੇ ਸਰਪੰਚ ਪਰਮਜੀਤ ਕੌਰ ਨੇ ਪਿੰਡਾਂ ’ਚ ਬੁਲਾਏ ਵਿਸ਼ੇਸ਼ ਇਜਲਾਸਾਂ ਦੀ ਪ੍ਰਧਾਨਗੀ ਕੀਤੀ ਅਤੇ ਪਿੰਡਾਂ ਦੇ ਚੌਕੀਦਾਰ ਰਾਹੀਂ ਗ੍ਰਾਮ ਪੰਚਾਇਤਾਂ ਦੇ ਮਤੇ ਸਬੰਧੀ ਮੁਸਤਰੀ ਮੁਨਾਦੀ ਵੀ ਕਰਵਾਈ ਅਤੇ ਗੁਰਦੁਆਰਾ ਸਾਹਿਬ ਅਤੇ ਮੰਦਰ ’ਚ ਅਨਾਊਂਸਮੈਂਟ ਰਾਹੀਂ ਪਿੰਡਾਂ ਦੇ ਵਸਨੀਕਾਂ ਨੂੰ ਜਾਣੂ ਕਰਵਾਇਆ ਗਿਆ।
ਇਸ ਮੌਕੇ ਬਲਾਕ ਖੇਤੀਬਾਡੀ ਅਫ਼ਸਰ ਡਾ. ਸਤੀਸ਼ ਕੁਮਾਰ, ਸੁਦੇਸ਼ ਕੁਮਾਰ ਤੇ ਖੇਤੀਬਾਡੀ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪਟਿਆਲਾ ਜ਼ਿਲ੍ਹੇ ਦੇ ਹਰੇਕ ਬਲਾਕ ਦੇ ਪਿੰਡਾਂ ’ਚ ਰੋਜ਼ਾਨਾ ਜਾਗਰੂਕਤਾ ਕੈਂਪ ਲਗਾ ਰਿਹਾ ਹੈ। ਜਿਸ ’ਚ ਮਾਹਰਾਂ ਵੱਲੋਂ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੀ ਜਾਣਕਾਰੀ ਦੇਣ ਸਮੇਤ ਪਰਾਲੀ ਨੂੰ ਅੱਗ ਲਾਉਣ ਨਾਲ ਜ਼ਮੀਨ ਤੇ ਵਾਤਾਵਰਨ ਦੇ ਹੁੰਦੇ ਨੁਕਸਾਨ ਪ੍ਰਤੀ ਵੀ ਸੁਚੇਤ ਕੀਤਾ ਜਾ ਰਿਹਾ ਹੈ, ਜਿਸ ਸਦਕਾ ਹੁਣ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਸ ਕਰ ਕੇ ਪਰਾਲੀ ਨਾ ਸਾਡਨ ਦੀ ਮੁਹਿੰਮ ’ਚ ਸ਼ਮੂਲੀਅਤ ਕਰ ਰਹੀਆਂ ਹਨ। ਪਿਛਲੀ ਦਿਨੀਂ ਵੀ ਜਨਸੂਈ ਪਿੰਡ ’ਚ ਪਰਾਲੀ/ਰਹਿੰਦ-ਖੂੰਹਦ ਨਾ ਸਾਡਨ ਦਾ ਮਤਾ ਪਾਸ ਕੀਤਾ ਸੀ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਗ੍ਰਾਮ ਪੰਚਾਇਤ ਜਾਂਸਲਾ ਤੇ ਗ੍ਰਾਮ ਪੰਚਾਇਤ ਕਾਲੋਮਾਜਰਾ ਵੱਲੋਂ ਪਰਾਲੀ ਨਾ ਸਾਡਨ ਦੇ ਪਾਏ ਮਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਸਾਰੂ ਕਦਮ ਹੋਰਨਾ ਕਿਸਾਨਾਂ ਨੂੰ ਵੀ ਅਜਿਹੇ ਵਾਤਾਵਰਨ ਪੱਖੀ ਫ਼ੈਸਲੇ ਲੈਣ ਲਈ ਉਤਸ਼ਾਹਤ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਨਿਪਟਾਰੇ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਾਕੀ ਪਿੰਡ ਵੀ ਵਾਤਾਵਰਨ ਹਿਤੈਸ਼ੀ ਬਣਨ ਦਾ ਸਬੂਤ ਦਿੰਦਿਆਂ ਅੱਗੇ ਆਉਣ।