ਸਪੋਰਟਸ ਡੈਸਕ : ਅੱਜ ਕੌਮਾਂਤਰੀ ਯੋਗ ਦਿਵਸ ਮੌਕੇ ਦੇਸ਼ ਭਰ ’ਚ ਯੋਗ ਅਭਿਆਸ ਨਾਲ ਸਬੰਧਤ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਯੋਗਾ ਸਾਡੇ ਸਾਰਿਆਂ ਦੇ ਜੀਵਨ ਨੂੰ ਇਕ ਨਵਾਂ ਆਯਾਮ ਦੇਣ ਦਾ ਕੰਮ ਕਰਦਾ ਹੈ ਅਤੇ ਯੋਗਾ ਵਿਸ਼ੇਸ਼ ਤੌਰ ’ਤੇ ਖਿਡਾਰੀਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਲਈ ਫਿੱਟਨੈੱਸ ਨੂੰ ਸੰਪੂਰਨਤਾ ਦੇ ਨਾਲ ਬਣਾਈ ਰੱਖਣ ਲਈ ਖਿਡਾਰੀਆਂ ਨੇ ਹੁਣ ਯੋਗਾ ਅਭਿਆਸ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾ ਲਿਆ ਹੈ। ਯੋਗਾ ਪ੍ਰਤੀ ਵਚਨਬੱਧਤਾ ਅਤੇ ਜਾਗਰੂਕਤਾ ਨੂੰ ਵਧਾਉਂਦੇ ਹੋਏ ਅਨੁਭਵੀ ਭਾਰਤੀ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਨੇ ਬਹੁ-ਭਾਸ਼ਾਈ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਕੂ ਐਪ ਦੇ ਹਵਾਲੇ ਨਾਲ ਕਿਹਾ, ‘‘ਯੋਗਾ ਸਮੁੱਚੀ ਮਨੁੱਖਤਾ ਲਈ ਭਾਰਤੀ ਸੰਸਕ੍ਰਿਤੀ ਦਾ ਅਨਮੋਲ ਤੋਹਫਾ ਹੈ। ਆਓ, ਅਸੀਂ ਸਾਰੇ ਇਸ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਈਏ। ਨਿਯਮਿਤ ਤੌਰ ’ਤੇ ਯੋਗਾ ਕਰਨ ਦੀ ਸਹੁੰ ਚੁੱਕੀਏ।’’
ਐਥਲੀਟਾਂ ਤੋਂ ਲੈ ਕੇ ਫੁੱਟਬਾਲਰਾਂ ਅਤੇ ਕ੍ਰਿਕਟਰਾਂ ਤੱਕ ਲੱਗਭਗ ਸਾਰੀਆਂ ਖੇਡਾਂ ਅਤੇ ਖਿਡਾਰੀਆਂ ਲਈ ਯੋਗਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਹਰ ਕਿਸੇ ਨੇ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ’ਚ ਸ਼ਾਮਲ ਕੀਤਾ ਹੈ, ਤਾਂ ਜੋ ਉਨ੍ਹਾਂ ਨੂੰ ਮੈਦਾਨ ’ਚ ਕਿਸੇ ਕਿਸਮ ਦੇ ਮਾਨਸਿਕ ਜਾਂ ਸਰੀਰਕ ਤਣਾਅ ਦਾ ਸਾਹਮਣਾ ਨਾ ਕਰਨਾ ਪਵੇ। ਭੀਮ ਅਤੇ ਅਰਜੁਨ ਪੁਰਸਕਾਰ ਵਿਜੇਤਾ ਮਨੂ ਭਾਕਰ ਨੇ ਵੀ ਯੋਗ ਦਿਵਸ ਦੇ ਮੌਕੇ ’ਤੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ, ‘ਆਓ ਇਕੱਠੇ ਯੋਗਾ ਕਰੀਏ, ਇਕ ਦਿਨ ਨਹੀਂ, ਰੋਜ਼ਾਨਾ ਕਰੀਏ।’ ਜ਼ਾਹਿਰ ਹੈ ਕਿ ਮੌਜੂਦਾ ਦੌਰ ’ਚ ਖਿਡਾਰੀਆਂ ਲਈ ਆਪਣੇ ਆਪ ਨੂੰ ਫਿੱਟ ਰੱਖਣ ਲਈ ਯੋਗਾ ਤੋਂ ਬਿਹਤਰ ਬਦਲ ਸ਼ਾਇਦ ਹੀ ਕੋਈ ਹੋ ਸਕਦਾ ਹੈ। ਸ਼ੂਟਿੰਗ, ਮੁੱਕੇਬਾਜ਼ੀ ਜਾਂ ਸ਼ਤਰੰਜ ਵਰਗੀਆਂ ਖੇਡਾਂ ’ਚ ਜਿਨ੍ਹਾਂ ਵਿਚ ਸਭ ਤੋਂ ਵੱਧ ਇਕਾਗਰਤਾ ਦੀ ਲੋੜ ਹੁੰਦੀ ਹੈ, ਯੋਗਾ ਸਰੀਰ ਨੂੰ ਨਕਾਰਾਤਮਕ ਊਰਜਾ ਅਤੇ ਅੰਦਰਲੀ ਤੰਗ ਊਰਜਾ ਨੂੰ ਛੱਡ ਕੇ ਇਕ ਨਵੀਂ ਸਾਕਾਰਾਤਮਕਤਾ ਅਤੇ ਗਤੀਵਿਧੀ ਪ੍ਰਦਾਨ ਕਰਦਾ ਹੈ।ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਅਰਜੁਨ ਐਵਾਰਡੀ ਸੰਦੀਪ ਸਿੰਘ ਨੇ ਹਰਿਆਣਾ ਦੇ ਪਾਨੀਪਤ ਵਿਚ ਇਕ ਯੋਗਾ ਕੈਂਪ ਤੋਂ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਹੈ ਕਿ ਯੋਗਾ ਸਰੀਰਕ ਅਤੇ ਭਾਵਨਾਤਮਕ ਸਿਹਤ ਦੀ ਗਾਰੰਟੀ ਦਿੰਦਾ ਹੈ।
ਕ੍ਰਿਕਟਰ ਰਿਸ਼ੀ ਧਵਨ ਨੇ ਜਿਮ ਤੋਂ ਆਪਣੀ ਇਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ, “ਖੁਸ਼ ਰੂਹ, ਇਕ ਤਾਜ਼ਾ ਦਿਮਾਗ ਅਤੇ ਇਕ ਸਿਹਤਮੰਦ ਸਰੀਰ। ਇਹ ਤਿੰਨੋਂ ਹੀ ਯੋਗਾ ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਹਨ। ਤੁਹਾਨੂੰ ਯੋਗ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਂ ਸਾਰਿਆਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਯੋਗਾ ਅਭਿਆਸ ਕਰਨ ਲਈ ਉਤਸ਼ਾਹਿਤ ਕਰਦਾ ਹਾਂ।’’ਇਸ ਵਿਚ ਕੋਈ ਸ਼ੱਕ ਨਹੀਂ ਕਿ ਖਿਡਾਰੀ ਜਿੰਨਾ ਜ਼ਿਆਦਾ ਜਾਗਰੂਕ ਅਤੇ ਸਰਗਰਮ ਹੋਵੇਗਾ, ਓਨਾ ਹੀ ਉਹ ਖੇਡ ਵਿਚ ਮਾਹਿਰ ਹੋਵੇਗਾ। ਯੋਗਾ ਦੇ ਕੁਝ ਹੋਰ ਸੰਤੁਸ਼ਟੀਜਨਕ ਨਤੀਜੇ ਵੀ ਹਨ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਸ਼ਿਵਾਜੀ ਸਟੇਡੀਅਮ ਮਾਡਲ ਟਾਊਨ, ਪਾਨੀਪਤ ਵਿਖੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਆਯੋਜਿਤ ਕੈਂਪ ਦੌਰਾਨ ਕਿਹਾ ਕਿ ਸਿਹਤ ਸਭ ਤੋਂ ਵੱਡਾ ਤੋਹਫਾ ਹੈ ਅਤੇ ਸੰਤੋਖ ਸਭ ਤੋਂ ਵੱਡੀ ਦੌਲਤ ਹੈ। ਯੋਗਾ ਉਹ ਸਾਧਨ ਹੈ, ਜਿਸ ਰਾਹੀਂ ਇਹ ਦੋਵੇਂ ਮਿਲਦੇ ਹਨ।” ਸਹੀ ਅਰਥਾਂ ਵਿਚ ਅਨੁਲੋਮ-ਵਿਲੋਮ, ਆਸਣਾਂ ’ਚ ਸਰੀਰ ਦੇ ਅੰਗ ਹਿਲਾਉਣਾ, ਯੋਗਾ ਪੈਕੇਜ ’ਚ ਪ੍ਰਾਣਾਯਾਮ ’ਚ ਸ਼ਾਮਲ ਤੜਾਸਨ ਵਰਗੇ ਆਸਣਾਂ ਦਾ ਅਭਿਆਸ ਖਿਡਾਰੀਆਂ ਲਈ ਬਿਹਤਰ ਹੈ।