ਜਲੰਧਰ, 28 ਜੁਲਾਈ (ਗੁਰਪ੍ਰੀਤ ਸਿੰਘ ਸਿੱਧੂ ) :- ਪੰਜਾਬ ਸਰਕਾਰ ਅਤੇ ਮਿੱਡ-ਡੇ-ਮੀਲ ਸੁਸਾਇਟੀ ਪੰਜਾਬ ਵੱਲੋਂ ਮਿੱਡ-ਡੇ-ਮੀਲ ਵਰਕਰਾਂ ਦੇ ਮਾਣ ਭੱਤੇ ਦੀ ਅਦਾਇਗੀ ਕਰਨ ਲਈ ਨਵੇਂ ਖਾਤੇ ਕੈਨਰਾ ਬੈਂਕ ਵਿੱਚ ਜਬਰਦਸਤੀ ਖੁੱਲ੍ਹਵਾਉਣ ਦੇ ਜਾਰੀ ਹੁਕਮਾਂ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਮਿੱਡ -ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ ਫਾਜ਼ਿਲਕਾ, ਜਨਰਲ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ,ਵਿੱਤ ਸਕੱਤਰ ਪ੍ਰਵੀਨ ਕੌਰ ਫ਼ਤਿਹਗੜ੍ਹ ਸਾਹਿਬ ਨੇ ਪੰਜਾਬ ਸਰਕਾਰ ਅਤੇ ਮਿੱਡ-ਡੇ-ਮੀਲ ਸੁਸਾਇਟੀ ਪੰਜਾਬ ਦੇ ਸੂਬਾਈ ਮੈਨੇਜਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਮਿੱਡ-ਡੇ-ਮੀਲ ਵਰਕਰਾਂ ਦੇ ਪਿਛਲੇ ਲੰਬੇ ਸਮੇਂ ਤੋਂ ਜਿਹਨਾਂ ਬੈਂਕਾਂ ਵਿੱਚ ਖਾਤੇ ਚੱਲ ਰਹੇ ਹਨ, ਉਹਨਾਂ ਨੂੰ ਹੀ ਭਵਿੱਖ ਵਿੱਚ ਵੀ ਚੱਲਦਾ ਰੱਖਿਆ ਜਾਵੇ ਅਤੇ ਉਹਨਾਂ ਖਾਤਿਆਂ ਵਿੱਚ ਹੀ ਮਿੱਡ-ਡੇ-ਮੀਲ ਵਰਕਰਾਂ ਦਾ ਮਾਣ ਭੱਤਾ ਭੇਜਿਆ ਜਾਵੇ। ਆਗੂਆਂ ਨੇ ਕਿਹਾ ਕਿ ਪਹਿਲਾਂ ਚਲਦੇ ਖਾਤਿਆਂ ਵਾਲੀਆਂ ਬੈਂਕਾਂ ਦੀਆਂ ਸ਼ਾਖਾਵਾਂ ਜ਼ਿਆਦਾ ਹੋਣ ਕਾਰਨ ਮਾਣ ਭੱਤਾ ਪ੍ਰਾਪਤ ਕਰਨ ਲਈ ਮਿੱਡ-ਡੇ-ਮੀਲ ਵਰਕਰਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਹੁੰਦੀ ਅਤੇ ਆਸਾਨੀ ਨਾਲ ਬੈਂਕ ਤੱਕ ਪਹੁੰਚ ਹੋ ਜਾਂਦੀ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਕੈਨਰਾ ਬੈਂਕ ਦੀਆਂ ਸ਼ਾਖਾਵਾਂ ਬਹੁਤ ਹੀ ਘੱਟ ਹਨ, ਅਤੇ ਜ਼ਿਆਦਾ ਦੂਰ -ਦੂਰ ਹਨ,ਜਿਸ ਕਾਰਨ ਵਰਕਰਾਂ ਨੂੰ ਮਾਣ ਭੱਤਾ ਪ੍ਰਾਪਤ ਕਰਨ ਲਈ ਬਹੁਤ ਹੀ ਜ਼ਿਆਦਾ ਪ੍ਰੇਸ਼ਾਨੀ ਅਤੇ ਖ਼ਜਲ ਖੁਆਰ ਹੋਣਾ ਪਵੇਗਾ। ਆਗੂਆਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਅਤੇ ਮਿੱਡ-ਡੇ-ਮੀਲ ਸੁਸਾਇਟੀ ਪੰਜਾਬ ਕੈਨਰਾ ਬੈਂਕ ਨਾਲ ਜ਼ਰੂਰ ਲੈਣ ਦੇਣ ਕਰਨਾ ਚਾਹੁੰਦੀ ਹੈ ਤਾਂ ਉਹ ਕੈਨਰਾ ਬੈਂਕ ਰਾਹੀਂ ਮਿੱਡ-ਡੇ-ਮੀਲ ਵਰਕਰਾਂ ਦਾ ਮਾਣ ਭੱਤਾ ਪਹਿਲੀਆਂ ਬੈਂਕਾਂ ਵਿੱਚ ਚੱਲਦੇ ਖਾਤਿਆਂ ਵਿੱਚ ਹੀ ਪਵਾ ਸਕਦੀ ਹੈ ਤਾਂ ਜ਼ੋ ਮਿੱਡ-ਡੇ-ਮੀਲ ਵਰਕਰਾਂ ਦੀ ਹੋਣ ਵਾਲੀ ਖ਼ਜਲ ਖੁਆਰੀ ਨੂੰ ਰੋਕਿਆ ਜਾ ਸਕੇ।ਇਸ ਦੇ ਨਾਲ ਹੀ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਵੀ ਕੈਨਰਾ ਬੈਂਕ ਵਿੱਚ ਖਾਤੇ ਖੁੱਲ੍ਹਵਾਉਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਪਹਿਲੀਆਂ ਬੈਂਕਾਂ ਵਿੱਚ ਚੱਲਦੇ ਖਾਤਿਆਂ ਨੂੰ ਹੀ ਮਿੱਡ-ਡੇ-ਮੀਲ ਵਰਕਰਾਂ ਦਾ ਮਾਣ ਭੱਤਾ ਭੇਜਿਆ ਜਾਵੇ ਅਤੇ ਵਰਕਰਾਂ ਦੀ ਹੋਣ ਵਾਲੀ ਖ਼ਜਲ ਖੁਆਰੀ ਨੂੰ ਵੀ ਰੋਕਿਆ ਜਾਵੇ।
29
