ਚੀਨ ਤੋਂ ਮਗਰੋਂ ਹੁਣ ਭਾਰਤ ਵਿਚ ਵੀ ਕੋਰੋਨਾ ਵਾਇਰਸ ਵਰਗੇ ਹਿਊਮਨ ਮੈਟਾਪਨੀਉਮੋਵਾਇਰਸ (HMPV) ਪੈਰ ਪਸਾਰਨ ਲੱਗਾ ਹੈ। HMPV ਦੇ ਦੇਸ਼ ਵਿਚ ਹੁਣ ਤੱਕ ਕੁੱਲ 13 ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ੁੱਕਰਵਾਰ ਨੂੰ ਰਾਜਸਥਾਨ ਦੇ ਬਾਰਾਂ ਤੋਂ ਇੱਕ ਪਾਜ਼ੀਟਿਵ ਕੇਸ ਮਿਲਿਆ, ਇੱਥੇ ਇੱਕ 6 ਮਹੀਨੇ ਦੀ ਬੱਚੀ HMPV ਤੋਂ ਪੀੜਤ ਪਾਈ ਗਈ। ਇਸ ਤੋਂ ਪਹਿਲਾਂ ਵੀਰਵਾਰ ਨੂੰ 3 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿੱਚ ਲਖਨਊ ਵਿੱਚ ਇੱਕ 60 ਸਾਲਾ ਔਰਤ, ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ 80 ਸਾਲਾ ਵਿਅਕਤੀ ਅਤੇ ਹਿੰਮਤਨਗਰ ਵਿੱਚ ਇੱਕ 7 ਸਾਲ ਦਾ ਬੱਚਾ ਸ਼ਾਮਲ ਹੈ। ਤਿੰਨਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਤੋਂ ਪਹਿਲਾਂ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ 3-3, ਕਰਨਾਟਕ ਅਤੇ ਤਾਮਿਲਨਾਡੂ ਵਿੱਚ 2-2, ਪੱਛਮੀ ਬੰਗਾਲ ਅਤੇ ਯੂਪੀ ਵਿੱਚ ਇੱਕ-ਇੱਕ ਮਾਮਲੇ ਸਾਹਮਣੇ ਆਏ ਸਨ।
ਹੁਣ ਰਾਜਾਂ ਨੇ ਵੀ ਐਚਐਮਪੀਵੀ ਮਾਮਲਿਆਂ ਵਿੱਚ ਵਾਧੇ ਕਾਰਨ ਚੌਕਸੀ ਵਧਾ ਦਿੱਤੀ ਹੈ। ਪੰਜਾਬ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਇੱਥੇ ਗੁਜਰਾਤ ਵਿੱਚ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡ ਬਣਾਏ ਜਾ ਰਹੇ ਹਨ। ਹਰਿਆਣਾ ਵਿੱਚ ਵੀ ਸਿਹਤ ਵਿਭਾਗ ਨੂੰ HMPV ਮਾਮਲਿਆਂ ਦੀ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਗਏ ਹਨ।
HMPV ਤੋਂ ਛੋਟੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ, ਮਰੀਜ਼ ਵਿਚ ਜ਼ੁਕਾਮ ਅਤੇ ਕੋਵਿਡ-19 ਵਰਗੇ ਲੱਛਣ ਨਜ਼ਰ ਆਉਂਦੇ ਹਨ। ਇਸ ਦਾ ਸਭ ਤੋਂ ਵੱਧ ਅਸਰ ਛੋਟੇ ਬੱਚਿਆਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿੱਚੋਂ 2 ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਦੀ ਲਪੇਟ ਵਿਚ ਆ ਰਹੇ ਹਨ। ਕੇਂਦਰ ਨੇ ਰਾਜਾਂ ਨੂੰ ਸਾਹ ਦੀਆਂ ਬਿਮਾਰੀਆਂ ਜਿਵੇਂ ‘ਇਨਫਲੁਏਂਜ਼ਾ ਵਰਗੀ ਬਿਮਾਰੀ’ ਅਤੇ ‘ਗੰਭੀਰ ਸਾਹ ਸੰਬੰਧੀ ਸਮੱਸਿਆਵਾਂ’ ਦੀ ਨਿਗਰਾਨੀ ਵਧਾਉਣ ਅਤੇ HMPV ਬਾਰੇ ਜਾਗਰੂਕਤਾ ਫੈਲਾਉਣ ਦੀ ਸਲਾਹ ਦਿੱਤੀ ਹੈ।
ਮਾਹਿਰਾਂ ਨੇ ਕਿਹਾ ਹੈ ਕਿ HMPV ਕੋਈ ਨਵਾਂ ਵਾਇਰਸ ਨਹੀਂ ਹੈ। ਇਸ ਦੀ ਪਛਾਣ ਪਹਿਲੀ ਵਾਰ 2001 ਵਿੱਚ ਹੋਈ ਸੀ। ਇਸ ਤੋਂ ਬਾਅਦ ਇਹ ਦੁਨੀਆ ਵਿੱਚ ਫੈਲ ਇਹ। ਇਹ ਸਾਹ ਰਾਹੀਂ ਫੈਲਦਾ ਹੈ, ਹਵਾ ਰਾਹੀਂ ਫੈਲਦਾ ਹੈ। ਇਹ ਹਰ ਉਮਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। WHO ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਜਲਦੀ ਹੀ ਸਾਡੇ ਨਾਲ ਰਿਪੋਰਟ ਸਾਂਝੀ ਕਰੇਗਾ।