ਜ਼ੀਰਾ/ਫਿਰੋਜ਼ਪੁਰ 27 ਜੁਲਾਈ (ਗੁਰਪ੍ਰੀਤ ਸਿੰਘ ਸਿੱਧੂ )
ਜ਼ਿਲਾ ਫਿਰੋਜਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਜ਼ੀਰਾ ਵੱਲੋਂ ਸੰਤ ਬਾਬਾ ਗੁਰਸੇਵਕ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਸੀਹਣੀ ਸਾਹਿਬ ਮਿਹਰ ਸਿੰਘ ਵਾਲਾ ਵਿਖੇ ਫਲਦਾਰ,ਫੂੱਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਗੁਰਸੇਵਕ ਸਿੰਘ ਨੇ ਕਿਹਾ ਕਿ ਮਨੁੱਖ ਕੁਦਰਤ ਦੀ ਸੰਤਾਨ ਹੈ ਅਤੇ ਕੁਦਰਤ ਵਿੱਚ ਹੀ ਇਸ ਦੇ ਵਿਕਾਸ ਸਿਹਤਮੰਦੀ ਤੇ ਖੁਸ਼ਹਾਲੀ ਦੇ ਤੱਤ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਮਨੁੱਖ ਨੇ ਕੁਦਰਤ ਤੋਂ ਵਿਛੜ ਕੇ ਪਰੇਸ਼ਾਨੀ ਤੇ ਦੁੱਖ ਹੀ ਸਹੇੜੇ ਹਨ। ਉਨ੍ਹਾਂ ਕਿਹਾ ਕਿ ਸੁੱਖ ਲੈਣ ਲਈ ਮਨੁੱਖ ਨੂੰ ਕੁਦਰਤ ਦੀ ਸ਼ਰਨ ਵਿੱਚ ਜਾਣਾ ਹੀ ਪਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਧਰਤੀ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤਾਂ ਜੋ ਵਾਤਾਵਰਣ ਸ਼ੁੱਧ ਹੋਵੇ। ਉਨ੍ਹਾਂ ਕਿਹਾ ਕਿ ਫੁੱਲਾਂ ਵਾਲੇ ਪੌਦੇ ਜਿੱਥੇ ਆਪਣੀ ਮਹਿਕ ਨਾਲ ਆਲੇ ਦੁਆਲੇ ਦੀ ਖੂਬਸੂਰਤੀ ਵਧਾਉਂਦੇ ਹਨ ਉੱਥੇ ਰੁੱਖਾਂ ਦੀਆਂ ਜੜਾਂ ਦੀਆਂ ਦਵਾਈਆਂ ਬਣਾਉਣ ਦੇ ਕੰਮ ਆਉਂਦੀਆਂ ਹਨ। ਇਸ ਮੌਕੇ ਐਨਜੀਓ ਕੋਆਰਡੀਨੇਸ਼ਨ ਕਮੇਟੀ ਦੇ ਬਲਾਕ ਪ੍ਰਧਾਨ ਲੈਕ ਨਰਿੰਦਰ ਸਿੰਘ, ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ ਤੇ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਅਸ਼ੋਕ ਕੁਮਾਰ ਪਲਤਾ ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ, ਹਰਜੀਤ ਸਿੰਘ ਵਧਵਾ ਸਰਪ੍ਰਸਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਅਤੇ ਗੁਰਦੁਆਰਾ ਸ੍ਰੀ ਸਾਹਿਬ ਦੇ ਸੇਵਕ ਆਦਿ ਹਾਜ਼ਰ ਸਨ।
