ਮੱਲਾਂ ਵਾਲਾ ਗੁਰਦੇਵ ਸਿੰਘ ਗਿੱਲ / ਰੋਸ਼ਨ ਲਾਲ ਮਨਚੰਦਾ
– ਮੱਲਾਂ ਵਾਲਾ ਮਖੂ ਰੋਡ ‘ਤੇ ਸਥਿਤ ਪਿੰਡ ਮੱਲੂ ਵਾਲੀਏ ਵਾਲਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਥੇ ਬੀਤੀ ਰਾਤ ਮੋਟਰਸਾਈਕਲ ਸਵਾਰ ਮਸੇਰੇ ਭੈਣ -ਭਰਾ ਦੀ ਦਰਦਨਾਕ ਮੌਤ ਹੋ ਗਈ। |ਮ੍ਰਿਤਕਾਂ ਦੀ ਪਛਾਣ ਰਾਜਵੀਰ ਕੌਰ (26) ਪੁੱਤਰੀ ਨਿਰਮਲ ਸਿੰਘ ਪਿੰਡ ਸਾਬੂਵਾਲ ਕਰੇ ਥਾਣਾ ਲੋਹੀਆਂ ਅਤੇ ਗੁਰਵਿੰਦਰ ਸਿੰਘ (28) ਪੁੱਤਰ ਤੇਜਾ ਸਿੰਘ, ਬਸਤੀ ਆਸਾ ਸਿੰਘ ਵਾਲੀ ਦਾਖਲੀ ਆਸਿਫ ਵਾਲਾ ਥਾਣਾ ਮੱਲਾਂ ਵਾਲਾ ਵਜੋਂ ਹੋਈ।
ਦੱਸ ਦਈਏ ਕਿ ਹਾਦਸਾ ਉਸ ਵੇਲੇੇ ਵਾਪਰਿਆ ਜਦੋਂ ਮ੍ਰਿਤਕ ਗੁਰਵਿੰਦਰ ਸਿੰਘ ਏਮਜ਼ ਹਸਪਤਾਲ ਬਠਿੰਡਾ ਤੋਂ ਆਪਣੀ ਮਾਤਾ ਦਾ ਪਤਾ ਲੈ ਕੇ ਆਪਣੀ ਮਾਸੀ ਦੀ ਕੁੜੀ ਨਾਲ ਵਾਪਸ ਆਪਣੇ ਪਿੰਡ ਬਸਤੀ ਆਸਾ ਸਿੰਘ ਵਾਲੀ ਨੂੰ ਆ ਰਿਹਾ ਸੀ। ਜਦੋਂ ਉਹ ਪਿੰਡ ਮੱਲੂ ਵਲੀਆ ਵਾਲਾ ਦੇ ਨੇੜੇ ਪੁੱਜੇ ਤਾਂ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ।ਹਾਦਸੇ ਵਿੱਚ ਰਾਜਵੀਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਗੁਰਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਦੀ ਵੀ ਮੌਤ ਹੋ ਗਈ।
ਇਸ ਹਾਦਸੇ ਮਗਰੋਂ ਥਾਣਾ ਮੱਲਾਂ ਵਾਲਾ ਦੀ ਪੁਲਿਸ ਪਾਰਟੀ ਨੇ ਮੌਕੇ ‘ਤੇ ਤੇ ਪਹੁੰਚ ਕੇ, ਘਟਨਾ ਦਾ ਜਾਇਜ਼ਾ ਲਿਆ।ਪੁਲੀਸ ਨੇ ਦੋਵਾਂ ਲਾਸ਼ਾਂ ਕਬਜ਼ੇ ‘ਚ ਲੈ ਲਈਆਂ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਦਕਿ ਕਾਰ ਚਾਲਕ ਭੋਲਾ ਸਿੰਘ ਕਾਰ ਛੱਡ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਕਾਰ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਸਨੁੂੰ ਜਲਦ ਗ੍ਰਿਫ਼ਤਾਰ ਕਰਨ ਦੀ ਗੱਲ ਕਹਿ ਰਹੀ ਹੈ।
