ਜ਼ਿਲ੍ਹੇ ਵਿੱਚ ਜ਼ਰੂਰੀ ਵਸਤਾਂ ਪੈਟਰੋਲ, ਡੀਜ਼ਲ, ਰਸੋਈ ਗੈਸ, ਦਵਾਈਆਂ, ਪਸ਼ੂਆਂ ਦੇ ਚਾਰੇ ਆਦਿ ਕਿਸੇ ਵੀ ਚੀਜ਼ ਦੀ ਘਾਟ ਨਹੀਂ : ਕੁਲਵੰਤ ਸਿੰਘ ਆਈ.ਏ.ਐਸ.
ਸਰਦੂਲਗੜ੍ਹ, 9 ਮਈ (ਕੁਲਵਿੰਦਰ ਕੜਵਲ)
ਜ਼ਿਲ੍ਹਾ ਮੈਜਿਸਟਰੇਟ ਮਾਨਸਾ ਸ਼੍ਰੀ ਕੁਲਵੰਤ ਸਿੰਘ, ਆਈ.ਏ.ਐੱਸ. ਐਸੈਂਸ਼ੀਅਲ ਕਮੋਡਿਟੀਜ਼ ਐਕਟ, 1955 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਐਕਟ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਤਹਿਤ ਹੁਕਮ ਜਾਰੀ ਕੀਤਾ ਹੈ ਕਿ ਸਟਾਕਿਸਟ ਜ਼ਰੂਰੀ ਵਸਤਾਂ ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨਾ ਕਰਨ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਟਾਕਿਸਟ ਜ਼ਰੂਰੀ ਵਸਤਾਂ ਜਿਵੇਂ ਕਿ ਅਨਾਜ, ਤੇਲ, ਡੀਜ਼ਲ, ਪਸ਼ੂ ਚਾਰਾ, ਦੁੱਧ ਅਤੇ ਡੇਅਰੀ ਉਤਪਾਦ, ਪੈਟਰੋਲ, ਡੀਜ਼ਲ ਅਤੇ ਰੋਜ਼ਮਰ੍ਹਾ ਦੀਆਂ ਵਸਤਾਂ ਦੀ ਜਮ੍ਹਾਖੋਰੀ ਕਰ ਰਹੇ ਹਨ, ਜਿਸ ਨਾਲ ਕੀਮਤਾਂ ਵਧਣ, ਕਾਲਾਬਾਜ਼ਾਰੀ ਅਤੇ ਸਪਲਾਈ ਦੀ ਕਮੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਜਮ੍ਹਾਖੋਰੀ ਨਾਲ ਆਮ ਲੋਕਾਂ, ਖਾਸ ਤੌਰ ਤੇ ਕਮਜ਼ੋਰ ਵਰਗ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ। ਉਨ੍ਹਾਂ ਸਖ਼ਤ ਹਦਾਇਤ ਕੀਤੀ ਕਿ ਕੋਈ ਵੀ ਵਿਅਕਤੀ, ਵਪਾਰੀ ਜਾਂ ਸੰਸਥਾ ਜ਼ਰੂਰੀ ਵਸਤਾਂ ਦੀ ਜਮ੍ਹਾਖੋਰੀ ਨਹੀਂ ਕਰੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ, ਵਪਾਰੀ ਜਾਂ ਸੰਸਥਾ ਜ਼ਰੂਰੀ ਵਸਤਾਂ ਦੀ ਜਮ੍ਹਾਖੋਰੀ, ਕਾਲਾਬਾਜ਼ਾਰੀ ਜਾਂ ਕੀਮਤਾਂ ਵਿੱਚ ਹੇਰਾਫੇਰੀ ਕਰਦਾ ਹੈ ਤਾਂ ਇਸ ਦੀ ਸੂਚਨਾ ਦੇਣ ਲਈ ਜ਼ਿਲ੍ਹੇ ਅੰਦਰ ਅਧਿਕਾਰੀਆਂ ਦੇ ਨੰਬਰਾਂ ਜਾਰੀ ਕੀਤੇ ਗਏ ਹਨ, ਜਿਨ੍ਹਾਂ ਤੇ ਫੋਨ ਕਰਕੇ ਇਸ ਸਬੰਧੀ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਅਤੇ ਸਿਵਲ ਸਪਲਾਈ ਦਫ਼ਤਰ ਵਿਖੇ ਜਰਨੈਲ ਸਿੰਘ 81465-45767 ਅਤੇ ਸੰਦੀਪ ਸਿੰਘ 81467-00706 ਤੇ ਸੂਚਨਾ ਦਿੱਤੀ ਜਾ ਸਕਦੀ ਹੈ।
ਇਸੇ ਤਰ੍ਹਾਂ ਪਸ਼ੂਆਂ ਨਾਲ ਸਬੰਧਿਤ ਜ਼ਰੂਰਤਾਂ ਲਈ ਪਸ਼ੂ ਪਾਲਣ ਵਿਭਾਗ ਦੇ ਡਾ. ਕਮਲ ਗੁਪਤਾ 78372-18835 ਅਤੇ ਡਾ. ਦੁਸ਼ਯੰਤ ਪ੍ਰੀਤ 98725-72448, ਸਬਜ਼ੀਆਂ-ਫਲ ਆਦਿ ਦੀ ਉਪਲੱਬਧਤਾ ਸਬੰਧੀ ਮੰਡੀ ਬੋਰਡ ਦੇ ਸ਼੍ਰੀ ਅਮਨ ਬਾਂਸਲ 81468-00501 ਅਤੇ ਸ਼੍ਰੀ ਮਹਿੰਦਰ ਸਿੰਘ 97790-30002, 01652-235042, ਮਾਰਕਫੈੱਡ ਦੇ ਉਤਪਾਦਾਂ ਸਬੰਧੀ ਸ਼੍ਰੀ ਅਮਨਦੀਪ ਬਾਂਸਲ 98724-93800 ਅਤੇ ਮਿਲਕਫੈਡ (ਡੇਅਰੀ ਵਿਭਾਗ) ਨਾਲ ਸਬੰਧਤ ਚੀਜ਼ਾਂ ਸਬੰਧੀ ਕਮਲਜੀਤ ਸਿੰਘ 98721-94068 ਅਤੇ ਸਤਵੀਰ ਕੌਰ 82849-40350 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਨਹੀਂ ਹੈ ਅਤੇ ਜ਼ਿਲ੍ਹੇ ਵਿੱਚ ਜ਼ਰੂਰੀ ਵਸਤਾਂ ਪੈਟਰੋਲ, ਡੀਜ਼ਲ, ਰਸੋਈ ਗੈਸ, ਦਵਾਈਆਂ, ਪਸ਼ੂਆਂ ਦੇ ਚਾਰੇ ਆਦਿ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ। ਇਸ ਲਈ ਜ਼ਿਲ੍ਹਾ ਵਾਸੀ ਬਿਨ੍ਹਾਂ ਲੋੜ ਤੋਂ ਵਾਧੂ ਸਮੱਗਰੀ ਖਰੀਦ ਕੇ ਕਾਲਾ ਬਾਜ਼ਾਰੀ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਤਾਂ ਜੋ ਜ਼ਰੂਰੀ ਵਸਤਾਂ ਦੀ ਸੁਚਾਰੂ ਸਪਲਾਈ ਅਤੇ ਨਿਰਪੱਖ ਵੰਡ ਨੂੰ ਯਕੀਨੀ ਬਣਾਇਆ ਜਾ ਸਕੇ।
