Home ਦੇਸ਼ ਜੇਕਰ ਮੇਰੀ ਆਵਾਜ਼ ਤੇ ਪ੍ਰਸ਼ਾਸਨ ਅਮਲ ਕਰ ਲੈਂਦਾ ਤਾਂ ਦੋ ਬੱਚਿਆਂ ਦੀਆਂ ਜਿੰਦੜੀਆਂ ਬਚ ਜਾਣੀਆਂ ਸਨ :- ਸੁਰਿੰਦਰ ਜੋੜਾ

ਜੇਕਰ ਮੇਰੀ ਆਵਾਜ਼ ਤੇ ਪ੍ਰਸ਼ਾਸਨ ਅਮਲ ਕਰ ਲੈਂਦਾ ਤਾਂ ਦੋ ਬੱਚਿਆਂ ਦੀਆਂ ਜਿੰਦੜੀਆਂ ਬਚ ਜਾਣੀਆਂ ਸਨ :- ਸੁਰਿੰਦਰ ਜੋੜਾ

by Rakha Prabh
33 views

ਜ਼ੀਰਾ, 24 ਜੁਲਾਈ (  ਜੀ.ਐਸ.ਸਿੱਧੂ ) :- ਹਰੀਕੇ ਹੈਡ ਵਰਕਸ ਤੋਂ ਰਾਜਸਥਾਨ ਜਾਂਦੀਆਂ ਜੋੜੀਆਂ ਨਹਿਰਾਂ ’ਤੇ ਬਣੇ ਪੁੱਲ ’ਤੇ ਰੇਲਿੰਗ ਨਾ ਹੋਣ ਦਾ ਮੁੱਦਾ ਇੱਕ ਵਾਰ ਫਿਰ ਗੰਭੀਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਹਾਲ ਹੀ ਵਿੱਚ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਕਾਰਵਾਈ ਨਾ ਕੀਤੀ ਤਾਂ ਕੋਈ ਵੱਡੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਨੇ 15 ਦਿਨ ਪਹਿਲਾਂ ਇਸ ਪੁੱਲ ’ਤੇ ਖੜ੍ਹ ਕੇ ਪੰਜਾਬ ਸਰਕਾਰ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਸੀ, ਪਰ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇੱਕ ਦੁਖਦਾਈ ਘਟਨਾ ਵਾਪਰ ਗਈ, ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ। ਬੀਤੇ ਦਿਨੀਂ ਇੱਕ ਪਰਿਵਾਰ ਦੇ ਦੋ ਬੱਚੇ ਇਸ ਨਹਿਰ ਵਿੱਚ ਡੁੱਬ ਗਏ, ਜਿਸ ਨੇ ਪੁੱਲ ’ਤੇ ਸੁਰੱਖਿਆ ਸਹੂਲਤਾਂ ਦੀ ਘਾਟ ਨੂੰ ਸਪੱਸ਼ਟ ਕਰ ਦਿੱਤਾ। ਸਥਾਨਕ ਲੋਕਾਂ ਦਾ ਆਰੋਪ ਹੈ ਕਿ ਜੇਕਰ ਸੁਰਿੰਦਰ ਸਿੰਘ ਜੌੜਾ ਦੀ ਮੰਗ ’ਤੇ ਪ੍ਰਸ਼ਾਸਨ ਨੇ ਸਮੇਂ ਸਿਰ ਰੇਲਿੰਗ ਲਵਾਉਣ ਦੀ ਕਾਰਵਾਈ ਕੀਤੀ ਹੁੰਦੀ, ਤਾਂ ਇਹ ਦੁਖਦਾਈ ਘਟਨਾ ਟਾਲੀ ਜਾ ਸਕਦੀ ਸੀ। ਇਸ ਘਟਨਾ ਤੋਂ ਬਾਅਦ ਸਥਾਨਕ ਵਾਸੀਆਂ ਅਤੇ ਸਮਾਜ ਸੇਵੀ ਸੰਗਠਨਾਂ ਨੇ ਪੁੱਲ ’ਤੇ ਰੇਲਿੰਗ ਲਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ। ਸੁਰਿੰਦਰ ਸਿੰਘ ਜੌੜਾ ਨੇ ਵੀ ਇਸ ਧਰਨੇ ਵਿੱਚ ਸਰਗਰਮ ਹਿੱਸਾ ਲੈਂਦਿਆਂ ਪ੍ਰਸ਼ਾਸਨ ’ਤੇ ਦਬਾਅ ਵਧਾਇਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਰੇਲਿੰਗ ਲਵਾਉਣ ਦਾ ਭਰੋਸਾ ਤਾਂ ਦਿੱਤਾ ਹੈ, ਪਰ ਜਦੋਂ ਤੱਕ ਇਹ ਕੰਮ ਪੂਰਾ ਨਹੀਂ ਹੁੰਦਾ, ਉਹ ਧਰਨਾ ਸਮਾਪਤ ਨਹੀਂ ਕਰਨਗੇ। ਸੁਰਿੰਦਰ ਸਿੰਘ ਜੌੜਾ ਨੇ ਕਿਹਾ ਇਹ ਬਹੁਤ ਅਫ਼ਸੋਸਜਨਕ ਹੈ ਕਿ ਸਰਕਾਰ ਨੇ ਸਾਡੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਕਾਰਨ ਇੱਕ ਪਰਿਵਾਰ ਨੂੰ ਇੰਨੀ ਵੱਡੀ ਤ੍ਰਾਸਦੀ ਦਾ ਸਾਹਮਣਾ ਕਰਨਾ ਪਿਆ। ਅਸੀਂ ਹੁਣ ਕੋਈ ਢਿੱਲ ਨਹੀਂ ਸਹਿਣ ਕਰਾਂਗੇ।
ਪ੍ਰਸ਼ਾਸਨ ਨੂੰ ਹੁਣ ਤੁਰੰਤ ਕਾਰਵਾਈ ਕਰਨ ਦੀ ਮੰਗ ਉੱਠ ਰਹੀ ਹੈ, ਤਾਂ ਜੋ ਅਜਿਹੀਆਂ ਘਟਨਾਵਾਂ ਦੀ ਪੁਨਰਾਵ੍ਰਿਤੀ ਨਾ ਹੋਵੇ।

Related Articles

Leave a Comment