ਜਲੰਧਰ, 4 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਜਲ ਸਪਲਾਈ ਅਤੇ ਸੈਨੀਟੇਸ਼ਨ, ਸਿੰਚਾਈ ਵਿਭਾਗ, ਸੀਵਰੇਜ ਬੋਰਡ ਆਦਿ ਅੱਧੀ ਦਰਜਨ ਤੋਂ ਵੱਧ ਵਿਭਾਗਾਂ ਦੇ ਮੁਲਾਜ਼ਮਾਂ ਦੀ ਪ੍ਰਤੀਨਿਧਤਾ ਕਰਦੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਹੋਈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਲੋਕ ਨਿਰਮਾਣ ਵਿਭਾਗ ਦੇ ਵੱਖ -ਵੱਖ ਵਿੰਗਾਂ ਦੇ ਮੁਲਾਜ਼ਮ ਵਿਧਾਨ ਸਭਾ ਹਲਕਾ ਚੱਬੇਵਾਲ ਦੀ ਹੋ ਰਹੀ ਜ਼ਿਮਨੀ ਚੋਣ ਸਮੇਂ 09 ਨਵੰਬਰ ਨੂੰ ਵਿਸ਼ਾਲ ਝੰਡਾ ਮਾਰਚ ਕਰਨਗੇ, ਕਿਉਂਕਿ ਪੰਜਾਬ ਸਰਕਾਰ,ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ।ਵਾਰ-ਵਾਰ ਮੀਟਿੰਗਾਂ ਕਰਨ ਅਤੇ ਉੱਚ ਅਧਿਕਾਰੀਆਂ ਵਲੋਂ ਮਿਲੇ ਭਰੋਸਿਆਂ ਦੇ ਬਾਵਜੂਦ ਮੁਲਾਜ਼ਮਾਂ ਦੇ ਮਸਲੇ ਜਿਵੇਂ ਮ੍ਰਿਤਕ ਮੁਲਾਜ਼ਮਾਂ ਦੇ ਆਸ਼ਰਿਤਾਂ ਨੂੰ ਤਰਸ ਆਧਾਰਿਤ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ। ਕੰਟਰੈਕਟ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਕੋਈ ਠੋਸ ਪਾਲਿਸੀ ਬਣਾ ਕੇ ਪਿਛਲੇ 15-15ਸਾਲਾਂ ਤੋਂ ਰੈਗੂਲਰ ਨਹੀਂ ਕੀਤਾ ਜਾ ਰਿਹਾ। ਪੰਦਰਾਂ ਪ੍ਰਤੀਸ਼ਤ ਕੋਟੇ ਵਾਲੇ ਫੀਲਡ ਦੇ ਮੁਲਾਜ਼ਮਾਂ ਨੂੰ ਜੂਨੀਅਰ ਇੰਜੀਨੀਅਰ ਪ੍ਰਮੋਟ ਕਰਨ ਲਈ ਲੰਮੇ ਸਮੇਂ ਤੋਂ ਵਾਰ ਵਾਰ ਲਾਰੇ ਲਾਏ ਜਾ ਰਹੇ ਹਨ , ਜਦੋਂ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਵਲੋਂ ਵਾਰ -ਵਾਰ ਪ੍ਰਮੋਸ਼ਨਾਂ ਕਰਨ ਲਈ ਕਿਹਾ ਜਾ ਰਿਹਾ ਹੈ।ਜੀ ਪੀ ਐੱਫ ਦੇ ਕੇਸ ਲਟਕ ਰਹੇ ਹਨ। ਮੁਲਾਜ਼ਮਾਂ ਦੀ ਵਿਦੇਸ਼ ਜਾਣ ਦੀ ਛੁੱਟੀ ਲੈਣ ਦੀ ਪ੍ਰਕਿਰਿਆ ਬਹੁਤ ਗੁੰਝਲਦਾਰ ਅਤੇ ਲੰਬੀ ਕੀਤੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀ ਰਹਿੰਦੀਆਂ ਕਿਸ਼ਤਾਂ ਅਤੇ ਡੀ ਏ ਦੇ ਪਿਛਲੇ ਅਤੇ ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ ਨਹੀਂ ਦਿੱਤੇ ਜਾ ਰਹੇ। ਜਿਸ ਕਾਰਨ ਮੁਲਾਜ਼ਮਾਂ ਨੂੰ ਅਤਿ ਮਜਬੂਰ ਹੋ ਕੇ ਸ਼ੰਘਰਸ਼ਾਂ ਦੇ ਰਾਹ ਪੈਣਾ ਪੈ ਰਿਹਾ ਹੈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਖਮਾਣੋਂ, ਬਲਰਾਜ ਮੌੜ, ਰਣਵੀਰ ਸਿੰਘ ਟੂਸੇ, ਸੁਖਚੈਨ ਸਿੰਘ ਬਠਿੰਡਾ, ਪੁਸ਼ਪਿੰਦਰ ਕੁਮਾਰ ਪਿੰਕੀ ਜਲੰਧਰ,ਅਮਰੀਕ ਸਿੰਘ ਸੇਖੋਂ ਕਪੂਰਥਲਾ, ਸਤਨਾਮ ਸਿੰਘ, ਬਲਜਿੰਦਰ ਸਿੰਘ ਤਰਨਤਾਰਨ, ਦਰਸ਼ਨ ਸਿੰਘ ਨੰਗਲ, ਫੁੰਮਣ ਸਿੰਘ ਕਾਠਗੜ੍ਹ,ਰਾਮ ਲੁਭਾਇਆ ਦਿਵੇਦੀ, ਮੋਹਣ ਸਿੰਘ ਪੂਨੀ,ਕਰਮ ਸਿੰਘ,ਸੁਖਦੇਵ ਸਿੰਘ ਜਾਜਾ,ਅਕਲ ਚੰਦ ਹਨ ਸਿੰਘ,ਪੂਰਨ ਸਿੰਘ, ਅੰਗਰੇਜ਼ ਸਿੰਘ, ਮਨਜਿੰਦਰ ਸਿੰਘ, ਗੋਪਾਲ ਸਿੰਘ ਰਾਵਤ, ਨਰੇਸ਼ ਨਾਹਰ,ਹਰੀ ਚੰਦ, ਰਤਨ ਸਿੰਘ ਗੁਰਾਇਆ, ਕੁਲਦੀਪ ਵਾਲੀਆ ਬਿਲਗਾ ਤੋਂ ਇਲਾਵਾ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।