ਮੋਗਾ (ਕੇਵਲ ਸਿੰਘ ਘਾਰੂ):
ਮੋਗਾ ਦੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਨਸ਼ਿਆਂ ਦੇ ਗੰਭੀਰ ਮੁੱਦੇ ਤੇ ਇੱਕ ਅਹਿਮ ਐਲਾਨ ਕਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਜਲਦ ਹੀ ਉਹ ਪੰਜਾਬ ਵਿੱਚ ਨਸ਼ਿਆਂ ਖਿਲਾਫ਼ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ, ਜਿਸ ਵਿੱਚ ਆਮ ਲੋਕਾਂ ਦੇ ਸਾਥ ਨਾਲ ਨਸ਼ਿਆਂ ਨੂੰ ਜੜ੍ਹੋ ਖ਼ਤਮ ਕਰਨ ਦੀ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਕੋਈ ਸਿਆਸਤ ਦਾ ਮੁੱਦਾ ਨਹੀਂ ਬਲਕਿ ਸਾਡੇ ਸਾਰਿਆਂ ਲਈ ਬਹੁਤ ਹੀ ਗੰਭੀਰ ਮਾਮਲਾ ਬਣ ਗਿਆ ਹੈ। ਆਏ ਦਿਨ ਹੁੰਦੀਆਂ ਨੌਜਵਾਨਾਂ ਦੀਆਂ ਮੌਤਾਂ ਨੇ ਸਾਰੇ ਮਾਪਿਆਂ ਨੂੰ ਝਿਝੋੜ ਕੇ ਰੱਖ ਦਿੱਤਾ ਹੈ। ਡਾ. ਹਰਜੋਤ ਕਮਲ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਹੀ ਇਸ ਨਸ਼ੇ ਦੇ ਭੈੜੇ ਦੈਂਤ ਨੂੰ ਨੱਥ ਨਾ ਪਾਈ ਗਈ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸਦਾ ਖਾਮਿਆਜਾ ਭੁਗਤਣਾ ਪਵੇਗਾ ਅਤੇ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਹੀ ਰੁਲ ਕੇ ਰਹਿ ਜਾਵੇਗੀ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਦੈਂਤ ਤੇ ਬਹੁਤ ਸਾਰੇ ਨੌਜਵਾਨਾਂ ਨੂੰ ਨਿਗਲ ਲਿਆ ਹੈ ਅਤੇ ਪਿੱਛੋਂ ਮਾਪਿਆਂ ਦਾ ਹਾਲ ਬੇਹਾਲ ਹੋ ਜਾਂਦਾ ਹੈ, ਜਿਨ੍ਹਾਂ ਤੇ ਕੀ ਬੀਤਦੀ ਹੈ, ਉਹ ਸਿਰਫ਼ ਉਹੀ ਮਾਪੇ ਜਾਣਦੇ ਹਨ ਜਿਨ੍ਹਾਂ ਦੇ ਇਕਲੌਤੇ ਪੁੱਤਰ ਇਸ ਧਰਤੀ ਤੋਂ ਚਲੇ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਖਿਲਾਫ਼ ਲੜਾਈ ਵਿੱਚ ਉਨ੍ਹਾਂ ਦਾ ਸਾਥ ਜ਼ਰੂਰ ਦੇਣ ਤਾਂ ਕਿ ਇਸ ਭੈੜੀ ਅਲਾਮਤ ਤੋਂ ਛੁਟਕਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਦੀ ਰੂਪ ਰੇਖਾ ਤਿਆਰ ਕਰਕੇ ਮਾਹਿਰਾਂ ਨਾਲ ਸਲਾਹ ਕਰਨ ਉਪਰੰਤ ਵੱਡੇ ਪੱਧਰ ਤੇ ਆਵਾਜ਼ ਬੁਲੰਦ ਕੀਤੀ ਜਾਵੇਗੀ।
ਡਾ. ਹਰਜੋਤ ਕਮਲ ਸਿੰਘ ਨੇ ਕਿਹਾ ਕਿ ਨਸ਼ਿਆਂ ਦਾ ਬਦਲ ਨਸ਼ੇ ਨਹੀਂ ਹਨ, ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਕਹਿੰਦੇ ਹਨ ਕਿ ਚਿੱਟੇ ਨਸ਼ੇ ਦੀ ਥਾਂ ਤੇ ਲੋਕਾਂ ਨੂੰ ਫੀਮ ਅਤੇ ਭੁੱਕੀ ਮਿਲਣੀ ਚਾਹੀਦੀ ਹੈ। ਡਾ. ਹਰਜੋਤ ਕਮਲ ਸਿੰਘ ਨੇ ਕਿਹਾ ਕਿ ਇਹ ਧਾਰਨਾ ਬਿਲਕੁਲ ਗਲਤ ਬਣਾਈ ਹੋਈ ਹੈ ਕਿ ਚਿੱਟੇ ਵਰਗੈ ਭੈੜੇ ਨਸ਼ੇ ਤੋਂ ਬਚਣ ਲਈ ਕੋਈ ਹੋਰ ਨਸ਼ਾ ਬਚਾ ਸਕਦਾ ਹੈ, ਉਨ੍ਹਾਂ ਕਿਹਾ ਕਿ ਨਸ਼ਾ ਜਿਹੜਾ ਵੀ ਹੋਵੇ ਉਸਦਾ ਸਿਰਫ਼ ਨੁਕਸਾਨ ਹੀ ਹੈ, ਕੋਈ ਵੀ ਫਾਇਦਾ ਕੋਈ ਨਹੀਂ ਦੇ ਸਕਦਾ। ਇਸ ਲਈ ਸਾਨੂੰ ਨਸ਼ਿਆਂ ਨੂੰ ਬਿਲਕੁਲ ਖ਼ਤਮ ਕਰਨ ਲਈ ਸਭ ਤਰ੍ਹਾਂ ਦੇ ਨਸ਼ਿਆਂ ਤੋਂ ਕਿਨਾਰਾ ਕਰਨਾ ਪਵੇਗਾ, ਨਹੀਂ ਤਾਂ ਨੌਜਵਾਨ ਇੱਕ ਨਸ਼ੇ ਤੋਂ ਹਟ ਕੇ ਦੂਸਰੇ ਨਸ਼ੇ ਵਿੱਚ ਲੱਗ ਜਾਣਗੇ ਜਿਸ ਨਾਲ ਦੇਸ਼ ਦਾ ਬੇੜਾ ਗਰਕ ਹੋ ਜਾਵੇਗਾ।