Home » ਪੰਜਾਬ ਸਰਕਾਰ ਨੂੰ ਗੂੜ੍ਹੀ ਨੀਂਦ ਤੋਂ ਜਗਾਉਣ ਲਈ 22 ਅਕਤੂਬਰ ਨੂੰ ਮੋਹਾਲੀ ‘ਚ ਗਰਜਣਗੇ ਪੈਂਨਸ਼ਨਰਜ਼

ਪੰਜਾਬ ਸਰਕਾਰ ਨੂੰ ਗੂੜ੍ਹੀ ਨੀਂਦ ਤੋਂ ਜਗਾਉਣ ਲਈ 22 ਅਕਤੂਬਰ ਨੂੰ ਮੋਹਾਲੀ ‘ਚ ਗਰਜਣਗੇ ਪੈਂਨਸ਼ਨਰਜ਼

ਕਿਸਾਨ ਆਗੂ ਡੱਲੇਵਾਲ ਵਲੋਂ ਮੁਲਾਜ਼ਮਾਂ ਨੂੰ ਮਿਲਦੀ ਪੈਂਨਸ਼ਨ ਬੰਦ ਕਰਨ ਦੇ ਦਿੱਤੇ ਬਿਆਨ ਦੀ ਕੀਤੀ ਤਿੱਖੀ ਨਿਖੇਧੀ

by Rakha Prabh
47 views
ਮੀਟਿੰਗ ਦੇ ਸ਼ੁਰੂ ਵਿੱਚ ਪ੍ਰੋਫੈਸਰ ਜੀ ਐੱਨ ਸਾਈਬਾਬਾ ਨੂੰ ਦਿੱਤੀ ਮੋਨ ਸ਼ਰਧਾਂਜਲੀ

ਫਗਵਾੜਾ, 14 ਅਕਤੂਬਰ ( ਜੀ.ਐਸ.ਸਿੱਧੂ ) :- ਪੰਜਾਬ ਸਰਕਾਰ ਨੇ ਪਿਛਲੇ ਢਾਈ ਸਾਲ ਦੇ ਵੱਧ ਸਮੇਂ ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਪ੍ਰਤੀ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਅਤੇ ਲਾਗੂ ਕਰਨ ਲਈ ਧਾਰੀ ਸਾਜ਼ਿਸ਼ ਭਰੀ ਚੁੱਪ ਦਾ ਸਖ਼ਤ ਨੋਟਿਸ ਲੈਂਦਿਆਂ 18 ਸਤੰਬਰ ਨੂੰ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰੀ ਐਕਸ਼ਨ ਕਰਦੇ ਹੋਏ 22 ਅਕਤੂਬਰ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੈਲੀ ਕਰਨ ਦੇ ਨੋਟਿਸ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਭੇਜੇ ਹੋਏ ਸਨ,ਪਰ ਰੈਲੀ ਕਰਨ ਦੇ ਭੇਜੇ ਨੋਟਿਸਾਂ ਪ੍ਰਤੀ ਮੁੱਖ ਮੰਤਰੀ ਸਾਹਿਬ ਪੰਜਾਬ ਨੇ ਰਤੀ ਭਰ ਵੀ ਗੰਭੀਰਤਾ ਨਹੀਂ ਦਿਖਾਈ,ਜਿਸ ਕਰਕੇ ਪੈਨਸ਼ਨਰਾਂ ਦੇ ਮਨਾਂ ਵਿੱਚ ਪੰਜਾਬ ਸਰਕਾਰ ਦੇ ਬੇਰੁਖੀ ਵਾਲੇ ਵਤੀਰੇ ਪ੍ਰਤੀ ਹੋਰ ਗੁੱਸਾ ਭੜਕਿਆ ਹੈ। ਪੰਜਾਬ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਗੂੜ੍ਹੀ ਨੀਂਦ ਤੋਂ ਜਗਾਉਣ ਲਈ 22 ਅਕਤੂਬਰ ਨੂੰ ਵਿਸ਼ਾਲ ਸੂਬਾਈ ਰੈਲੀ ਕਰਕੇ ਪੈਨਸ਼ਨਰਜ਼ ਮੋਹਾਲੀ ਵਿਖੇ ਗਰਜਣਗੇ‌‌। ਪੰਜਾਬ ਪੈਂਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੀ ਮਾਸਿਕ ਮੀਟਿੰਗ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਕਰਕੇ ਐਲਾਨ ਕੀਤਾ ਕਿ 22 ਅਕਤੂਬਰ ਦੀ ਮੋਹਾਲੀ ਪੈਨਸ਼ਨਰਜ਼ ਰੈਲੀ ਵਿੱਚ ਫ਼ਗਵਾੜਾ ਦੇ ਪੈਨਸ਼ਨਰ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਦੱਸਿਆ ਕਿ ਮੀਟਿੰਗ ਦੇ ਸ਼ੁਰੂ ਵਿੱਚ ਸਦੀਵੀ ਵਿਛੋੜਾ ਦੇ ਗਏ ਪ੍ਰੋਫੈਸਰ ਜੀ ਐੱਨ ਸਾਈਬਾਬਾ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਵਿੱਚ ਕਿਸਾਨ ਆਗੂ ਡੱਲੇਵਾਲ ਵਲੋਂ ਮੁਲਾਜ਼ਮਾਂ ਨੂੰ ਮਿਲਦੀ ਪੈਂਨਸ਼ਨ ਦਾ ਵਿਰੋਧ ਕਰਨ ਅਤੇ ਪੈਨਸਨ ਬੰਦ ਕਰਨ ਦੇ ਦਿੱਤੇ ਬਿਆਨ ਦੀ ਤਿੱਖੀ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਡੱਲੇਵਾਲ ਇਹੋ ਜਿਹੇ ਮੁਲਾਜ਼ਮ ਅਤੇ ਪੈਨਸ਼ਨਰਜ਼ ਵਿਰੋਧੀ ਬਿਆਨ ਦੇ ਕੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀ ਬੋਲੀ ਹੀ ਬੋਲ ਰਹੇ ਹਨ, ਜਿਸ ਸਰਕਾਰ ਨੇ 2004 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਦੀ ਪੁਰਾਣੀ ਪੈਂਨਸ਼ਨ ਨੀਤੀ ਬੰਦ ਕੀਤੀ ਹੋਈ ਹੈ ਅਤੇ ਉਹ ਮੁਲਾਜ਼ਮ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਵਾਉਣ ਲਈ ਲਗਾਤਾਰ ਸੰਘਰਸ਼ਸ਼ੀਲ ਹਨ। ਮੀਟਿੰਗ ਦੀ ਜਾਣਕਾਰੀ ਜਾਰੀ ਰੱਖਦਿਆਂ ਦੱਸਿਆ ਕਿ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ ਪੈਂਨਸ਼ਨ ਰੀਵਾਈਜ ਲਈ 2.59 ਦਾ ਗੁਣਾਂਕ ਲਾਗੂ ਕਰਵਾਉਣ,ਪੇ ਕਮਿਸ਼ਨ ਦਾ 66 ਮਹੀਨਿਆਂ ਦਾ ਬਕਾਇਆ ਲੈਣ,ਡੀ ਏ ਦੀਆਂ 12 ਪ੍ਰਤੀਸ਼ਤ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰਵਾਉਣ, ਮੈਡੀਕਲ ਭੱਤਾ 3000/- ਰੁਪਏ ਮਹੀਨਾ ਕਰਵਾਉਣ, ਕੈਸ਼ ਲੈੱਸ ਹੈੱਲਥ ਸਕੀਮ ਸੋਧ ਕੇ ਲਾਗੂ ਕਰਵਾਉਣ, ਪੈਨਸ਼ਨਰਾਂ ਤੇ ਲੱਗਾ 200/-ਰੁਪਏ ਮਹੀਨੇ ਦਾ ਜਜੀਆ ਟੈਕਸ ਬੰਦ ਕਰਵਾਉਣ ਆਦਿ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਵਾਉਣ ਲਈ 22 ਅਕਤੂਬਰ ਨੂੰ ਮੋਹਾਲੀ ਵਿਖੇ ਵਿਸ਼ਾਲ ਸੂਬਾਈ ਪੈਨਸ਼ਨਰਜ਼ ਰੈਲੀ ਕੀਤੀ ਜਾ ਰਹੀ ਹੈ। 22 ਅਕਤੂਬਰ ਦੀ ਸੂਬਾਈ ਰੈਲੀ ਵਿੱਚ ਫ਼ਗਵਾੜਾ ਦੇ ਪੈਨਸ਼ਨਰ ਵੀ ਵੱਧ ਚੜ੍ਹ ਕੇ ਸ਼ਾਮਲ ਹੋਣਗੇ। ਮੀਟਿੰਗ ਵਿੱਚ ਪਿਛਲੇ ਕੀਤੇ ਐਕਸ਼ਨਾਂ ਵਿੱਚ ਪਾਏ ਯੋਗਦਾਨ ਦਾ ਰਿਵਿਊ ਵੀ ਕੀਤਾ ਗਿਆ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਮੀਟਿੰਗ ਵਿੱਚ ਐਸੋਸੀਏਸ਼ਨ ਦੀ ਆਮਦਨ ਅਤੇ ਖਰਚ ਦੇ ਵੇਰਵੇ ਵੀ ਸ਼ਾਂਝੇ ਕੀਤੇ ਅਤੇ ਕੀਤੇ ਗਏ ਖਰਚਿਆਂ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ‌। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਜਿਹਨਾਂ ਮੈਂਬਰਾਂ ਦਾ ਅਕਤੂਬਰ ਵਿੱਚ ਜਨਮ ਦਿਨ ਹੈ, ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਕਾਮਨਾ ਕੀਤੀ ਕਿ ਉਹਨਾਂ ਦੀ ਤੰਦਰੁਸਤੀ ਅਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਹੋਵੇ। ਸ਼੍ਰੀ ਮਤੀ ਅਨੁਰਾਗ ਸ਼ਰਮਾ ਵਲੋਂ ਆਪਣੇ 61 ਵੇਂ ਜਨਮ ਦਿਨ ਦੀ ਸੁਭਾਗੀ ਖ਼ੁਸ਼ੀ ਦੇ ਮੌਕੇ ‘ਤੇ ਐਸੋਸੀਏਸ਼ਨ ਨੂੰ ਆਰਥਿਕ ਸਹਾਇਤਾ ਦੇਣ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ। ਮੀਟਿੰਗ ਵਿੱਚ‌ ਪ੍ਰਧਾਨ ਮੋਹਣ ਸਿੰਘ ਭੱਟੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਸੀਨੀਅਰ ਮੀਤ ਪ੍ਰਧਾਨ ਸੀਤਲ ਰਾਮ ਬੰਗਾ,ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ,ਜੁਆਇੰਟ ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ, ਜੁਆਇੰਟ ਪ੍ਰੈੱਸ ਸਕੱਤਰ ਗੁਰਦੀਪ ਜੱਸੀ, ਰਤਨ ਸਿੰਘ ਗੁਰਾਇਆ, ਹਰਭਜਨ ਲਾਲ ਕੌਲ,ਕੇ ਕੇ ਪਾਂਡੇ, ਬਲਬੀਰ ਸਿੰਘ ਭੁਲਾਰਾਈ, ਪਿਆਰਾ ਰਾਮ ਪਲਾਹੀ, ਸੁੱਚਾ ਰਾਮ,ਹਰੀ ਰਾਮ ਚੋਟ, ਸੁਖਦੇਵ ਸਿੰਘ, ਮਹਿੰਦਰ ਪਾਲ ਆਦਿ ਪੈਨਸ਼ਨਰ ਸਾਥੀ ਹਾਜ਼ਰ ਸਨ।

You Might Be Interested In

 

Related Articles

Leave a Comment