ਹਾਥਰਸ, 6 ਜੁਲਾਈ
ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਹਾਥਰਸ ਘਟਨਾ ਦੀ ਜਾਂਚ ਲਈ ਗਠਿਤ ਨਿਆਂਇਕ ਜਾਂਚ ਕਮਿਸ਼ਨ ਨੇ ਅੱਜ ਉਸ ਥਾਂ ਦਾ ਜਾਇਜ਼ਾ ਲਿਆ ਜਿੱਥੇ 2 ਜੁਲਾਈ ਨੂੰ ਭਗਦੜ ਮਚੀ ਸੀ। ਭਗਦੜ ਮਚਣ ਕਾਰਨ 121 ਲੋਕਾਂ ਦੀ ਮੌਤ ਹੋ ਗਈ ਸੀ। ਸਰਕਾਰ ਵੱਲੋਂ ਗਠਿਤ ਕਮਿਸ਼ਨ ਦੋ ਮਹੀਨਿਆਂ ਵਿੱਚ ਰਿਪੋਰਟ ਤਿਆਰ ਕਰ ਕੇ ਸਰਕਾਰ ਨੂੰ ਸੌਂਪੇਗਾ। ਅਲਾਹਾਬਾਦ ਹਾਈ ਕੋਰਟ ਦੇ ਸਾਬਕਾ ਜੱਜ ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ ਦੀ ਪ੍ਰਧਾਨਗੀ ਹੇਠ ਬਣਾਏ ਗਏ ਨਿਆਂਇਕ ਜਾਂਚ ਕਮਿਸ਼ਨ ਵਿੱਚ ਸਾਬਕਾ ਆਈਏਐਸ ਅਧਿਕਾਰੀ ਹੇਮੰਤ ਰਾਓ ਅਤੇ ਸਾਬਕਾ ਆਈਪੀਐਸ ਅਧਿਕਾਰੀ ਭਾਵੇਸ਼ ਕੁਮਾਰ ਸਿੰਘ ਹਨ। ਜਾਂਚ ਤੋਂ ਬਾਅਦ ਨਿਆਂਇਕ ਜਾਂਚ ਕਮਿਸ਼ਨ ਦੀ ਕਮੇਟੀ ਦੇ ਚੇਅਰਮੈਨ ਜਸਟਿਸ ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ (ਸੇਵਾਮੁਕਤ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕਰਨਗੇ ਜਿਨ੍ਹਾਂ ਤੋਂ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ।