ਖਰੜ, 15 ਮਈ : ਰਾਖਾ ਪ੍ਰਭ ਬਿਉਰੋ।
ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਆਈਟੀ ਹੱਬ ਵਜੋਂ ਵਿਕਸਿਤ ਕਰਨ ਲਈ ਬਣਾਇਆ ਜਾਵੇਗਾ, ਜਿਸ ਨੂੰ ਦੁਨੀਆ ਭਰ ਵਿੱਚ ਆਈ ਟੀ ਦੀ ਹੱਬ ਵਜੋਂ ਜਾਣਿਆ ਜਾਵੇਗਾ। ਇਹ ਪ੍ਰਗਟਾਵਾ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਅੱਜ ਖਰੜ ਦੀ ਬਾਰ ਕੌਂਸਲ ਵਿਖੇ ਵਕੀਲਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ। ਡਾ. ਸੁਭਾਸ ਨੇ ਬੋਲਦੇ ਹੋਏ ਕਿਹਾ ਕਿ ਮੋਹਾਲੀ ਨੂੰ ਹੈਦਰਾਬਾਦ, ਗੁੜਗਾਊਂ ਦੀ ਤਰਜ ਉਤੇ ਆਈਟੀ ਹੱਬ ਵਿੱਚ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਵਿੱਚ ਮੁੜ ਤੋਂ ਸਰਕਾਰ ਬਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਾਲ ਰਾਬਤਾ ਕਾਇਮ ਕਰਕੇ ਆਈਟੀ ਹੱਬ ਵਿਕਸਿਤ ਕੀਤੀ ਜਾਵੇਗੀ। ਡਾ. ਸੁਭਾਸ਼ ਸ਼ਰਮਾ ਨੇ ਇਹ ਵੀ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕਾ ਇਕ ਇਤਿਹਾਸਕ ਖੇਤਰ ਹੈ ਜਿੱਥੇ ਖਾਲਸਾ ਪੰਥ ਦੀ ਸਥਾਪਨਾ ਹੋਈ, ਇਸੇ ਹਲਕੇ ਵਿੱਚ ਹੀ ਸ਼ਹੀਦ ਏ ਆਜ਼ਮ ਭਗਤ ਸਿੰਘ ਜੀ ਦਾ ਜੱਦੀ ਪਿੰਡ ਹੈ, ਪ੍ਰੰਤੂ ਅੱਜ ਤੱਕ ਇਸ ਖੇਤਰ ਨੂੰ ਇਕ ਟੂਰਜ਼ਿਮ ਪੱਖੋਂ ਵਿਕਸਿਤ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਖੇਤਰ ਨੂੰ ਟੂਰਿਜ਼ਮ ਵਜੋਂ ਵਿਕਸਤ ਕਰਕੇ ਦੁਨੀਆ ਭਰ ਵਿੱਚ ਇਕ ਵੱਖਰੀ ਪਹਿਚਾਣ ਦਿੱਤੀ ਜਾਵੇਗੀ, ਤਾਂ ਜੋ ਭਾਰਤ ਆਉਣ ਵਾਲੇ ਲੋਕ ਪਹਿਲਾਂ ਇਸ ਧਰਤੀ ਉਤੇ ਆਉਣ। ਉਨ੍ਹਾਂ ਇਹ ਵੀ ਕਿਹਾ ਚੋਣ ਜਿੱਤਣ ਤੋਂ ਬਾਅਦ ਕੇਂਦਰ ਸਰਕਾਰ ਨਾਲ ਰਾਬਤਾ ਬਣਾ ਕੇ ਇਸ ਖੇਤਰ ਵਿੱਚ ਇਕ ਰੇਲਵੇ ਫੈਕਟਰੀ ਬਣਾਉਣਗੇ, ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ।
ਡਾ. ਸੁਭਾਸ ਸ਼ਰਮਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਲੋਕ ਪੱਖੀ ਸੋਚ ਨਾ ਹੋਣ ਕਾਰਨ ਖੇਤਰ ਲਈ ਕੁਝ ਨਹੀਂ ਸੋਚਿਆ, ਸਿਰਫ ਲੋਕਾਂ ਨੂੰ ਗੁੰਮਰਾਹ ਹੀ ਕੀਤਾ ਹੈ। ਇਸ ਮੌਕੇ ਵਕੀਲਾਂ ਨੇ ਅਦਾਲਤ ਅਤੇ ਵਕੀਲਾਂ ਦੀਆਂ ਸਮੱਸਿਆਵਾਂ ਵੀ ਭਾਜਪਾ ਉਮੀਦਾਰ ਡਾ. ਸੁਭਾਸ ਸਾਹਮਣੇ ਰੱਖੀਆਂ। ਡਾ. ਸੁਭਾਸ਼ ਨੇ ਵਿਸ਼ਵਾਸ ਦਿਵਾਇਆ ਕਿ ਉਹ ਜਿੱਤਣ ਤੋਂ ਬਾਅਦ ਪਹਿਲ ਦੇ ਆਧਾਰ ਉਤੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨਗੇ। ਇਸ ਮੌਕੇ ਵਕੀਲਾਂ ਨੇ ਵੀ ਉਨ੍ਹਾਂ ਦਾ ਸਾਥ ਦੇਣ ਦਾ ਵਿਸ਼ਵਾਸ ਦਿੱਤਾ।