ਚੰਡੀਗੜ੍ਹ/ਸੰਗਰੂਰ, 2 ਜੁਲਾਈ, 2023: ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸੰਗਰੂਰ ਵਿਖੇ ਅਧਿਆਪਕਾਂ ‘ਤੇ ਕੀਤੇ ਗਏ ਪੁਲਸੀਆ ਤਸ਼ੱਦਦ ਅਤੇ ਜੇਲ੍ਹਾਂ ਵਿੱਚ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਗਿਰਫ਼ਤਾਰ ਕੀਤੇ ਅਧਿਆਪਕਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ ਅਤੇ ਕੱਚੇ ਅਧਿਆਪਕਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ ਹੈ।
ਆਗੂਆਂ ਨੇ ਕਿਹਾ ਕਿ ਪਿਛਲੇ 15-15 ਸਾਲ ਤੋਂ ਨਿਗੂਣੀਆਂ ਤਨਖਾਹਾਂ ਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਿਆਂ ਸਵਾ ਸਾਲ ਤੋਂ ਵਧੇਰੇ ਸਮਾਂ ਬੀਤ ਗਿਆ ਹੈ। ਪਰ ਕਾਮੇਡੀ ਮੁੱਖ ਮੰਤਰੀ ਦੇ ਹਰੇ ਪੈੱਨ ਦੀ ਸਿਆਹੀ ਵਾਲਾ ਪੈੱਨ ਡੂੰਘੇ ਖੂਹ ਵਿੱਚ ਜਾ ਡਿੱਗਾ ਹੈ। 36000 ਕੱਚੇ ਆਊਟਸੋਰਸ, ਠੇਕੇਦਾਰੀ ਅਧੀਨ ਕੰਮ ਕਰਦੇ ਵੱਖ ਵੱਖ ਸਰਕਾਰੀ ਅਦਾਰਿਆਂ ਦੇ ਕਾਮਿਆਂ ਨੂੰ ਸਾਲ ਭਰ ਇਸ ਗੱਲ ਵਿੱਚ ਲੰਘਾ ਦਿੱਤਾ ਕਿ ਸਾਨੂੰ ਵਕਤ ਦਿਓ। ਕਦੇ ਪਾਵਰਕੌਮ ਦੇ ਕਾਮੇ, ਕਦੇ ਪੰਜਾਬ ਰੋਡਵੇਜ਼, ਪੀਆਰਟੀਸੀ ਦੇ ਕਾਮੇ ਹੜਤਾਲਾਂ ਮੁਜ਼ਾਹਰੇ ਕਰਦੇ ਹਨ, ਪਰ ਹਾਕਮਾਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਅੰਨ੍ਹੇ ਪੁਲਸੀਆ ਜਬਰ ਰਾਹੀਂ ਹੱਕੀ ਸੰਘਰਸ਼ਾਂ ਨੂੰ ਦਬਾਉਣ ਦੀ ਨੀਤੀ ਤੇ ਸਰਕਾਰ ਚੱਲ ਰਹੀ ਹੈ। ਇਨ੍ਹਾਂ ਤਬਕਿਆਂ ਨੇ ਬਾਦਲਾਂ, ਰਾਜੇ ਅਮਰਿੰਦਰ, ਚੰਨੀ ਅਤੇ ਕਾਮੇਡੀ ਭਗਵੰਤ ਮਾਨ ਦੀ ਸਰਕਾਰ ਦਾ ਅਮਲ ਆਪਣੇ ਪਿੰਡਿਆਂ ਤੇ ਹੰਢਾ ਲਿਆ ਹੈ। ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਸਮੇਤ ਮੁਲਾਜ਼ਮਾਂ ਨੂੰ ਵੱਡੇ ਬਦਲਾਅ ਦੀ ਝਾਕ ਸੀ। ਹਕੀਕਤ ਇਹ ਹੈ ਚਿਹਰੇ ਬਦਲ ਕੇ ਹਰ ਪੰਜੀਂ ਸਾਲੀਂ ਹਕੂਮਤੀ ਗੱਦੀ ਉੱਤੇ ਕਾਬਜ਼ ਹੋਣਾ ਹੁੰਦਾ ਹੈ। ਕਿਸੇ ਵੀ ਪਾਰਟੀ ਦੀ ਨੀਤੀ ਅਤੇ ਨੀਅਤ ਦਾ ਕੋਈ ਫ਼ਰਕ ਨਹੀਂ ਹੁੰਦਾ। ਹੱਕੀ ਮੰਗਾਂ ਲਈ ਸੰਘਰਸ਼ ਕਰਨਾ ਹਰ ਤਬਕੇ ਦਾ ਬੁਨਿਆਦੀ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਡੰਡੇ ਦੇ ਜ਼ੋਰ ਹੱਕੀ ਸੰਘਰਸ਼ ਨਾ ਕਦੇ ਰੁਕੇ ਹਨ ਨਾ ਰੁਕਣਗੇ। ਕੱਚੇ ਅਧਿਆਪਕਾਂ ਨਾਲ ਸਰਕਾਰ ਨੇ ਵੱਡਾ ਧੋਖਾ ਕੀਤਾ ਹੈ, ਵਾਅਦਾ ਪੱਕੇ ਕਰਨ ਦਾ ਸੀ, ਪਰ ਤਨਖਾਹਾਂ ਵਿੱਚ ਵਾਧਾ ਕਰਕੇ ਬੁੱਤਾ ਸਾਰਿਆ ਹੈ।