Home » ਨਿਆਰੀ ਲੋਕਧਾਰਾ ਦੇ ਵਾਰਿਸ ਹਨ ਪੰਜਾਬੀ

ਨਿਆਰੀ ਲੋਕਧਾਰਾ ਦੇ ਵਾਰਿਸ ਹਨ ਪੰਜਾਬੀ

by Rakha Prabh
89 views

ਗੁਰਚਰਨ ਸਿੰਘ ਨੂਰਪੁਰ

ਲੋਕਧਾਰਾ ਕਿਸੇ ਵੀ ਖਿੱਤੇ ਦੇ ਲੋਕਾਂ ਦੇ ਜਨਜੀਵਨ ਨੂੰ ਦੇਖਣ ਦਾ ਜ਼ਰੀਆ ਹੁੰਦੀ ਹੈ। ਪੰਜਾਬੀ ਦਾ ਇਕ ਅਖਾਣ ਹੈ ‘ਖੂਹ ਗਿੜਦਿਆਂ ਦੇ, ਰਾਹ ਵਗਦਿਆਂ ਦੇ, ਸਾਕ ਵਰਤਦਿਆਂ ਦੇ।’ ਪੰਜਾਬੀ ਵਿਚ ਅਜਿਹੇ ਅਨੇਕਾਂ ਅਖਾਣ ਹਨ ਜੋ ਕੁਝ ਕੁ ਸ਼ਬਦਾਂ ਵਿਚ ਹੀ ਜੀਵਨ ਦਾ ਵੱਡਾ ਫ਼ਲਸਫ਼ਾ ਬਿਆਨ ਕਰਨ ਦੀ ਸਮਰੱਥਾ ਰੱਖਦੇ ਹਨ। ਲੋਕਧਾਰਾ ਨੂੰ ਸੱਭਿਆਚਾਰ ਦਾ ਦਰਪਣ ਵੀ ਕਿਹਾ ਜਾਂਦਾ ਹੈ। ਜਗਤ ਪ੍ਰਸਿੱਧ ਰੂਸੀ ਲੇਖਕ ਮੈਕਸਿਮ ਗੋਰਕੀ ਲੋਕਧਾਰਾ ਦੀ ਮਹਾਨਤਾ ਨੂੰ ਬਿਆਨਦਿਆਂ ਲਿਖਦੇ ਹਨ: ਸ਼ਬਦ ਕਲਾ ਦਾ ਮੁੱਢ ਲੋਕਧਾਰਾ ਤੋਂ ਬੱਝਿਆ ਹੈ।
ਪੰਜਾਬੀ ਲੋਕਧਾਰਾ ‘ਚੋਂ ਅਸੀਂ ਪੰਜਾਬ ਦੇ ਜਨਜੀਵਨ, ਵੱਖ-ਵੱਖ ਵਰਤਾਰਾ, ਲੋਕਾਂ ਦੇ ਸੁਭਾਅ, ਕਾਰ-ਵਿਹਾਰ, ਗੁਣ-ਔਗੁਣ, ਵਿਸ਼ਵਾਸ, ਰੀਤੀ-ਰਿਵਾਜ, ਨੈਤਿਕ ਕਦਰਾਂ-ਕੀਮਤਾਂ ਆਦਿ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਕਿਸੇ ਖਿੱਤੇ ਦੇ ਸੱਭਿਆਚਾਰ ਲਈ ਲੋਕਧਾਰਾ ਇਕ ਤਰ੍ਹਾਂ ਨਾਲ ਪੰਜਾਬੀ ਅਖਾਣ ‘ਕੁੱਜੇ ਵਿਚ ਸਮੁੰਦਰ ਬੰਦ ਕਰਨਾ’ ਵਾਂਗ ਹੈ।
‘ਕਿਸੇ ਦੀ ਟੈਂਅ ਨਾ ਮੰਨਣੀ ਵਰਗੇ ਮੁਹਾਵਰਿਆਂ ਤੋਂ ਪੰਜਾਬੀਆਂ ਦੀ ਅਣਖ, ਗ਼ੈਰਤ ਅਤੇ ਨਿਆਰੇ ਸੁਭਾਅ ਨੂੰ ਸਮਝਿਆ ਜਾ ਸਕਦਾ ਹੈ। ਲੋਕਧਾਰਾ ਬਾਰੇ ਆਖਿਆ ਜਾਂਦਾ ਹੈ ਕਿ ਇਹ ਕਦੇ ਖਾਮੋਸ਼ ਨਹੀਂ ਹੁੰਦੀ। ਇਹ ਵੱਡੀਆਂ ਘਟਨਾਵਾਂ ਨੂੰ ਆਪਣੇ ਨਾਲ ਲੈ ਕੇ ਚਲਦੀ ਆਤਮਸਾਤ ਕਰਦੀ ਰਹਿੰਦੀ ਹੈ। ਕਿਸੇ ਵੀ ਖਿੱਤੇ ਦੇ ਲੋਕਾਂ ਦੇ ਲੋਕ ਗੀਤ, ਲੋਕ ਬੋਲੀਆਂ, ਅਖਾਣ, ਮੁਹਾਵਰੇ, ਚੁਕਟਲੇ, ਲੋਕ ਕਹਾਣੀਆਂ, ਪੌਰਾਣਿਕ ਕਥਾਵਾਂ, ਬਾਤਾਂ, ਬੁਝਾਰਤਾਂ, ਲੋਕ ਗਥਾਵਾਂ, ਪਰੀ ਕਹਾਣੀਆਂ, ਮਿੱਥਾਂ ਆਦਿ ਲੋਕਧਾਰਾ ਦੇ ਹੀ ਵੱਖ-ਵੱਖ ਅੰਗ ਹਨ। ‘ਸਾਢੇ ਤਿੰਨ ਹੱਥ ਧਰਤੀ ਤੇਰੀ ਬਹੁਤੀਆਂ ਜਗੀਰਾਂ ਵਾਲਿਆ’ ਵਰਗੇ ਬਹੁਤ ਸਾਰੇ ਲੋਕ ਟੱਪੇ ਹਨ ਜਿਨ੍ਹਾਂ ਰਾਹੀਂ ਪੰਜਾਬੀਆਂ ਦੇ ਮਾਣਮੱਤੇ, ਅਲਬੇਲੇ ਅਤੇ ਅਣਖੀ ਸੁਭਾਅ ਨੂੰ ਸਮਝਿਆ ਜਾ ਸਕਦਾ ਹੈ। ਜਿਵੇਂ ‘ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾਹ।’ ਇਹ ਅਖਾਣ ਪੰਜਾਬੀ ਸਮਾਜ ਦੀ ਮਨੋਬਿਰਤੀ ਨੂੰ ਪੇਸ਼ ਕਰਦਾ ਕਿ ਪੰਜਾਬੀ ਸਮਾਜ ਵਿਚ ਮੰਗਣਾ ਮਰ ਜਾਣ ਦੇ ਬਰਾਬਰ ਸਮਝਿਆ ਜਾਂਦਾ ਹੈ। ਸਦੀਆਂ ਪਹਿਲਾਂ ਬਾਬਾ ਫ਼ਰੀਦ ਜੀ ਦੇ ਸਲੋਕ ਜੋ ਪੰਜਾਬ ਦੇ ਹਰ ਵਰਗ ਦੇ ਲੋਕ ਬੜੇ ਸਤਿਕਾਰ ਨਾਲ ਪੜ੍ਹਦੇ ਹਨ, ਵਿਚ ਉਨ੍ਹਾਂ ਫ਼ਰਮਾਇਆ:
ਫ਼ਰੀਦਾ ਬਾਰਿ ਪਰਾਇਆ ਬੈਸਣਾ ਸਾਂਈ ਮੁਝੇ ਨ ਦੇਹ।
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।।
ਪੰਜਾਬੀ ਲੋਕਧਾਰਾ ਦੇ ਦਰਪਣ ਚੋਂ ਇਹ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਸ ਖਿੱਤੇ ਦੇ ਲੋਕ ਅਣਖ, ਗ਼ੈਰਤ ਅਤੇ ਸਵੈਮਾਣ ਨਾਲ ਜਿਊਣ ਦੇ ਨਾਲ-ਨਾਲ ਮਾਨਵਤਾ ਦੇ ਮਹਾਨ ਆਸ਼ਿਆਂ ਲਈ ਮਰਨਾ ਵੀ ਜਾਣਦੇ ਹਨ। ‘ਖਾਧਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ, ਅਤੇ ‘ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ’ ਵਰਗੇ ਅਖਾਣ ਸ਼ਾਇਦ ਹੀ ਧਰਤੀ ਦੇ ਕਿਸੇ ਖਿੱਤੇ ਵਿਚ ਘੜੇ ਗਏ ਹੋਣ। ਈਰਾਨੀ ਧਾੜਵੀ ਨਾਦਰ ਸ਼ਾਹ ਨੇ 1739 ਵਿਚ ਇਕ ਲੱਖ ਤੋਂ ਵੱਧ ਫ਼ੌਜ ਨਾਲ ਭਾਰਤ ‘ਤੇ ਹਮਲਾ ਕੀਤਾ। ਉਦੋਂ ਪੰਜਾਬ ਵਿਚ ਜ਼ਕਰੀਆ ਖ਼ਾਨ ਦਾ ਰਾਜ ਸੀ। ਜ਼ਕਰੀਆ ਖ਼ਾਨ ਨੇ ਨਾਦਰਸ਼ਾਹ ਦੀ ਈਨ ਮੰਨ ਕੇ ਉਸ ਨੂੰ ਵੀਹ ਲੱਖ ਰੁਪਏ, ਕੁਝ ਹਾਥੀ ਤੇ ਹੋਰ ਕੀਮਤੀ ਤੋਹਫ਼ੇ ਨਜ਼ਰਾਨੇ ਵਜੋਂ ਭੇਟ ਕੀਤੇ। ਨਾਦਰਸ਼ਾਹ ਦੀ ਵਿਸ਼ਾਲ ਫ਼ੌਜ ਵੱਖ-ਵੱਖ ਸ਼ਹਿਰਾਂ, ਨਗਰਾਂ ਵਿਚ ਲੁੱਟਮਾਰ ਕਰਦੀ ਪੰਜਾਬੋਂ ਅਗਾਂਹ ਦਿੱਲੀ ਵੱਲ ਨੂੰ ਵਧ ਗਈ। ਨਾਦਰਸ਼ਾਹ ਦਿੱਲੀ ਅਤੇ ਹੋਰ ਸ਼ਹਿਰਾਂ ਦੇ ਆਸ-ਪਾਸ ਦੇ ਇਲਾਕਿਆਂ ਨੂੰ ਕੋਈ ਤਿੰਨ ਮਹੀਨੇ ਲੁੱਟਦਾ ਰਿਹਾ। ਹਜ਼ਾਰਾਂ ਲੋਕਾਂ ਨੂੰ ਉਸ ਦੀ ਫ਼ੌਜ ਨੇ ਮੌਤ ਦੇ ਘਾਟ ਉਤਾਰਿਆ। ਆਖਿਰ ਤਿੰਨ ਮਹੀਨੇ ਬਾਅਦ ਉਹ ਲੁੱਟ ਦਾ ਕੋਈ ਚਾਲੀ ਮੀਲ ਲੰਮਾ ਗੱਡਿਆਂ ਦਾ ਕਾਫ਼ਲਾ ਲੈ ਕੇ ਵਾਪਸ ਪਰਤਿਆ। ਪੰਜਾਬ ਵਿਚ ਇਹ ਉਹ ਸਮਾਂ ਸੀ ਜਦੋਂ ਸਿੱਖਾਂ ਨੂੰ ਚੁਣ-ਚੁਣ ਕੇ ਮਾਰਿਆ ਜਾ ਰਿਹਾ ਸੀ। ਜ਼ਕਰੀਆ ਖ਼ਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸਨ। ਇਸ ਦਾ ਭਾਵ ਇਹ ਸਮਝਿਆ ਜਾ ਸਕਦਾ ਹੈ ਕਿ ਪੰਜਾਬ ਵਿਚ ਉਸ ਦੇ ਜ਼ੁਲਮਾਂ ਵਿਰੁੱਧ ਬੋਲਣ ਵਾਲਾ ਕੋਈ ਨਹੀਂ ਸੀ। ਨਾਦਰਸ਼ਾਹ ਦਾ ਕਾਫ਼ਲਾ ਜਦੋਂ ਪੰਜਾਬ ਵਿਚ ਦਾਖ਼ਲ ਹੋਇਆ ਤਾਂ ਪੰਜਾਬ ਦੇ ਜਾਇਆਂ ਨੇ ਜੰਗਲਾਂ ‘ਚੋਂ ਨਿਕਲ ਕੇ ਰਾਤ ਨੂੰ ਗੁਰੀਲਾ ਯੁੱਧ ਦੀਆਂ ਤਰਕੀਬਾਂ ਵਰਤਦਿਆਂ ਛਾਪੇਮਾਰੀ ਕਰਕੇ ਉਸ ਤੋਂ ਤਿੰਨ ਮਹੀਨੇ ਦੀ ਲੁੱਟ ਰਾਹੀਂ ਇਕੱਠੇ ਕੀਤੇ ਸਾਮਾਨ ਵਿਚੋਂ ਬਹੁਤਾ ਮਾਲ ਖੋਹ ਲਿਆ। ਸਿੰਘ ਹਨੇਰੀ ਵਾਂਗ ਆਉਂਦੇ, ਉਨ੍ਹਾਂ ਦੀਆਂ ਤਲਵਾਰਾਂ ਬਿਜਲੀ ਵਾਂਗ ਲਿਸ਼ਕਦੀਆਂ ਤੇ ਅਲੋਪ ਹੋ ਜਾਂਦੀਆਂ। ਹੰਕਾਰੀ ਨਾਦਰਸ਼ਾਹ ਲੁੱੱਟਿਆ-ਪੁੱਟਿਆ ਜੰਮੂ ਕਸ਼ਮੀਰ ਦੇ ਅਖਨੂਰ ਨਗਰ ਵਿਚ ਪੁਹੰਚਿਆ। ਇੱਥੇ ਉਸ ਨੇ ਆਰਜ਼ੀ ਦਰਬਾਰ ਲਾ ਕੇ ਜ਼ਕਰੀਆ ਖ਼ਾਨ ਨੂੰ ਆਪਣੇ ਦਰਬਾਰ ਵਿਚ ਹਾਜ਼ਰ ਕੀਤਾ ਤੇ ਪੁੱਛਿਆ, ‘ਇਹ ਕੌਣ ਲੋਕ ਹਨ ਜਿਨ੍ਹਾਂ ਨੇ ਤਿੰਨ ਮਹੀਨੇ ਦੀ ਮੇਰੀ ਲੁੱਟ ਦਾ ਸਾਮਾਨ ਰਾਤੋ-ਰਾਤ ਖੋਹ ਲਿਆ ਹੈ?
ਗਲ ਵਿਚ ਪੱਲਾ ਪਾ ਕੇ ਜ਼ਕਰੀਆ ਖਾਨ ਬੋਲਿਆ, ‘ਜਹਾਂ ਪਨਾਹ ਇਹ ਸਿੱਖ ਹਨ। ਇਹ ਮੁਸੀਬਤਾਂ-ਤੰਗੀਆਂ ਵਿਚ ਰਹਿ ਕੇ ਵੀ ਹਕੂਮਤ ਦੀ ਈਨ ਨਹੀਂ ਮੰਨਦੇ। ਜੰਗਲਾਂ ਵਿਚ ਰਹਿੰਦੇ ਹਨ। ਸਾਗ-ਪੱਤਾ ਖਾ ਕੇ ਗੁਜ਼ਾਰਾ ਕਰਦੇ ਹਨ। ਇਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਹਨ। ਭੁੱਖੇ-ਤਿਹਾਏ ਰਹਿ ਕੇ ਵੀ ਆਪਣੇ ਗੁਰੂ ਦਾ ਸ਼ੁਕਰ ਕਰਦੇ ਹਨ। ਅਸੀਂ ਇਨ੍ਹਾਂ ਨੂੰ ਮਾਰਦੇ ਹਾਰ ਗਏ ਪਰ ਇਹ ਨਹੀਂ ਮੁੱਕੇ।’ ਇਤਿਹਾਸਕਾਰ ਦੱਸਦੇ ਹਨ ਕਿ ਜ਼ਕਰੀਆ ਖ਼ਾਨ ਦੀਆਂ ਗੱਲਾਂ ਸੁਣ ਕੇ ਏਸ਼ੀਆ ਦੇ ਵੱਡੇ ਜੇਤੂ ਅਖਣਾਉਣ ਵਾਲੇ ਨਾਦਰਸ਼ਾਹ ਨੇ ਅਗਲੇ ਦਿਨਾਂ ਵਿਚ ਕਾਹਲੀ ਨਾਲ ਬਚਿਆ-ਖੁਚਿਆ ਲੁੱਟ ਦਾ ਸਾਮਾਨ ਲੈ ਕੇ ਇੱਥੋਂ ਨਿਕਲ ਜਾਣ ਵਿਚ ਹੀ ਆਪਣੀ ਭਲਾਈ ਸਮਝੀ।
ਨਾਦਰਸ਼ਾਹ ਨੇ ਕਿਹਾ, ‘ਜਿਹੜੇ ਲੋਕ ਏਨੀ ਭਿਆਨਕ ਹਾਲਤ ਵਿਚ ਚੜ੍ਹਦੀ ਕਲਾ ਵਿਚ ਰਹਿੰਦੇ ਹਨ ਉਨ੍ਹਾਂ ਨੂੰ ਕੋਈ ਹਰਾ ਨਹੀਂ ਸਕਦਾ। ਉਹ ਦਿਨ ਦੂਰ ਨਹੀਂ ਜਦੋਂ ਇਹ ਲੋਕ ਇਸ ਧਰਤੀ ਦੇ ਮਾਲਕ ਬਣ ਜਾਣਗੇ।’ ਕੁਝ ਹੀ ਅਰਸੇ ਮਗਰੋਂ ਨਾਦਰ-ਸ਼ਾਹ ਦੀ ਕਹੀ ਹੋਈ ਇਹ ਗੱਲ ਸੱਚ ਸਾਬਤ ਹੋਈ।
ਪੰਜਾਬੀਆਂ ਨੂੰ ਇਹ ਮਾਣ ਹੈ ਕਿ ਇਹ ਵੱਡੇ ਦਰਿਆਵਾਂ ਨੂੰ ਬੰਨ੍ਹ ਲਾਉਣੇ ਜਾਣਦੇ ਹਨ। ਦੁਨੀਆ ਨੂੰ ਜਿੱਤਣ ਦਾ ਭਰਮ ਲੈ ਮਕਦੂਨੀਆਂ ਤੋਂ ਤੁਰੇ ਸਿਕੰਦਰ ਦਾ ਭਰਮ ਪੰਜਾਬ ਦੇ ਜਾਇਆਂ ਨੇ ਹੀ ਚੂਰ-ਚੂਰ ਕੀਤਾ ਸੀ। ਇਕ ਦੰਦ ਕਥਾ ਹੈ ਕਿ ਜਦੋਂ ਵੱਖ-ਵੱਖ ਇਲਾਕਿਆਂ, ਦੇਸ਼ਾਂ-ਦੇਸ਼ਾਂਤਰਾਂ ਨੂੰ ਜਿੱਤਦਾ ਸਿਕੰਦਰ ਪੰਜਾਬ ਤੱਕ ਪੁੱਜਾ ਤਾਂ ਇੱਥੇ ਉਸ ਦਾ ਦਸਤਪੰਜਾ ਪੋਰਸ ਦੀ ਅਗਵਾਈ ਵਿਚ ਪੰਜਾਬੀਆਂ ਨਾਲ ਪਿਆ। ਕੁਝ ਦਿਨ ਦੀ ਲੜਾਈ ਤੋਂ ਬਾਅਦ ਵਿਸ਼ਵ ਦਾ ਜੇਤੂ ਅਖਵਾਉਣ ਵਾਲਾ ਸਿਕੰਦਰ ਪੰਜਾਬੀਆਂ ਨੂੰ ਲੜਦਿਆਂ ਵੇਖ ਭੈਭੀਤ ਹੋ ਗਿਆ। ਇਕ ਦਿਨ ਸ਼ਾਮ ਨੂੰ ਆਪਣੇ ਤੰਬੂ ਵਿਚ ਨਿਰਾਸ਼ ਬੈਠਾ ਆਪਣੀ ਮਾਂ ਐਪਰੀਜ਼ ਨੂੰ ਚਿੱਠੀ ਲਿਖਦਾ ਹੈ ਕਿ ‘ਮਾਂ ਤੂੰ ਤਾਂ ਇਕ ਸਿਕੰਦਰ ਪੈਦਾ ਕੀਤਾ ਸੀ, ਇੱਥੇ ਮਾਵਾਂ ਨੇ ਹਜ਼ਾਰਾਂ ਸਿਕੰਦਰ ਪੈਦਾ ਕੀਤੇ ਨੇ ਜੋ ਮੈਨੂੰ ਇਕ ਪੈਰ ਵੀ ਅੱਗੇ ਨਹੀਂ ਪੁੱਟਣ ਦਿੰਦੇ।’ ਪੰਜਾਬੀਆਂ ਨੇ ਸਿਕੰਦਰ ਦੀ ਫ਼ੌਜ ਦਾ ਏਨਾ ਬੁਰਾ ਹਾਲ ਕੀਤਾ ਕਿ ਉਸ ਨੂੰ ਦੁਨੀਆ ਜਿੱਤਣ ਦਾ ਸੁਪਨਾ ਅੰਦਰੇ ਲੈ ਕੇ ਇੱਥੋਂ ਵਾਪਸ ਮੁੜਨਾ ਪਿਆ। ਵਾਪਸ ਜਾਂਦਿਆਂ ਰਸਤੇ ਵਿਚ ਉਸ ਦੀ ਮੌਤ ਹੋ ਗਈ।
ਇਹ ਪੰਜਾਬੀਆਂ ਦੇ ਹਿੱਸੇ ਹੀ ਆਇਆ ਹੈ ਕਿ ਇਹ ਭਿਆਨਕ ਤੋਂ ਭਿਆਨਕ ਹਾਲਾਤ ਨੂੰ ਜ਼ਿੰਦਗੀ ਲਈ ਸਾਜ਼ਗਾਰ ਬਣਾਉਣਾ ਜਾਣਦੇ ਹਨ। ਗੁਰੂ ਸਾਹਿਬਾਨ ਅਤੇ ਮਹਾਨ ਸ਼ਖ਼ਸੀਅਤਾਂ ਦੀ ਕੁਰਬਾਨੀਆਂ ਭਰੀ ਮਹਾਨ ਵਿਰਾਸਤ ਅਤੇ ਗੁਰਬਾਣੀ ਦੇ ਮਹਾਂਵਾਕ ਪੰਜਾਬੀਆਂ ਦੀ ਅਗਵਾਈ ਕਰਦੇ ਹਨ।
ਭਗਤ ਸਿੰਘ ਪੰਜਾਬੀਆਂ ਦਾ ਹੀ ਮਹਾਂਨਾਇਕ ਨਹੀਂ ਪੂਰੇ ਭਾਰਤ ਵਿਚ ਇਨਕਲਾਬ ਦਾ ਪ੍ਰਤੀਕ ਹੈ। ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਰੋਲਟ ਐਕਟ ਨੂੰ ਪਾਸ ਹੋਣ ਤੋਂ ਰੋਕਣ ਲਈ ਦਿੱਲੀ ਅਸੈਂਬਲੀ ਹਾਲ ਵਿਚ ਬੰਬ ਸੁੱਟ ਕੇ ਅੰਨ੍ਹੀ ਬੋਲ਼ੀ ਸਰਕਾਰ ਦੇ ਕੰਨ ਖੋਲ੍ਹਣ ਦਾ ਯਤਨ ਕੀਤਾ ਸੀ। ਲੋਕਾਂ ਵਿਚ ਭਗਤ ਸਿੰਘ ਦੀ ਸਾਖ਼ ਏਨੀ ਵਧ ਗਈ ਕਿ ਲੋਕਾਂ ਨੇ ਭਗਤ ਸਿੰਘ ਲਈ ਲੋਕ ਗੀਤ ਘੜ ਲਏ :
ਅਸੈਂਬਲੀ ‘ਚ ਬੰਬ ਚਲਾਇਆ
ਭਗਤ ਸਿੰਘ ਸੂਰਮੇ ਨੇ।
ਭਗਤ ਸਿੰਘ ਦੀ ਫਾਂਸੀ ਦੀ ਖ਼ਬਰ ਜਦੋਂ ਪੰਜਾਬੀਆਂ ਦੇ ਘਰਾਂ ਤੱਕ ਪਹੁੰਚੀ ਤਾਂ ਲੋਕਧਾਰਾ ਵਿਚ ਅੰਗਰੇਜ਼ੀ ਹਕੂਮਤ ਨੂੰ ਲਾਹਣਤਾਂ ਪਾਈਆਂ ਗਈਆਂ:
ਰਹਿਣਾ ਕੱਖ ਨਾ ਫਰੰਗੀਆ ਤੇਰਾ,
ਭਗਤ ਸਿੰਘ ਕੋਹ ਸੁੱਟਿਆ।
ਲੋਕਧਾਰਾ ਰਾਹੀਂ ਅਸੀਂ ਸਮਝਦੇ ਹਾਂ ਕਿ ਇੱਥੇ ਦੇ ਲੋਕ ਕੁਦਰਤ ਦੇ ਪੁਜਾਰੀ ਸਨ। ਸਿੱਖ ਧਰਮ ਤੋਂ ਪਹਿਲਾਂ ਇਸ ਖਿੱਤੇ ਦੇ ਲੋਕਾਂ ਦਾ ਕੋਈ ਵਿਸ਼ੇਸ਼ ਧਰਮ ਨਹੀਂ ਸੀ ਬਲਿਕ ਇਨ੍ਹਾਂ ਦਾ ਧਰਮ ਲੋਕ ਧਰਮ ਸੀ। ਇਹ ਲੋਕ ਰੁੱਖਾਂ, ਜਾਨਵਰਾਂ, ਪਾਣੀ, ਦਰਿਆਵਾਂ ਤੇ ਅੱਗ ਆਦਿ ਦੀ ਪੂਜਾ ਕਰਦੇ ਸਨ। ਸੱਪ ਨੂੰ ਗੁੱਗੇ ਦੇ ਰੂਪ ਵਿਚ ਪੂਜਿਆ ਜਾਂਦਾ ਸੀ। ਅਸੀਂ ਧਰਤੀ ਨੂੰ ਮਾਂ ਮੰਨਿਆ ਅਤੇ ਚੰਨ ਨੂੰ ਧਰਤੀ ਦਾ ਭਰਾ। ਇਸ ਰਿਸ਼ਤੇ ਦੇ ਹਿਸਾਬ ਨਾਲ ਚੰਨ ਧਰਤੀ ‘ਤੇ ਰਹਿਣ ਵਾਲੇ ਬੱਚਿਆਂ ਦਾ ਮਾਮਾ ਹੈ। ਪੰਜਾਬ ਦਾ ਇਤਿਹਾਸ ਦੱਸਦਾ ਹੈ ਕਿ ਇੱਥੇ ਇਸੇ ਤਰ੍ਹਾਂ ਪੰਜਾਬੀ ਜਨਮਾਨਸ ਦੇ ਜਾਨਵਰਾਂ, ਰੁੱਖਾਂ, ਥਾਵਾਂ, ਦਰਿਆਵਾਂ ਤੋਂ ਇਲਾਵਾ ਕੁਦਰਤੀ ਵਰਤਾਰਿਆਂ ਨਾਲ ਕਈ ਤਰ੍ਹਾਂ ਦੇ ਵਿਸ਼ਵਾਸ ਜੁੜੇ ਰਹੇ ਹਨ ਅਤੇ ਇਹ ਵਰਤਾਰੇ ਕੁਝ ਇਲਾਕਿਆਂ ਵਿਚ ਅੱਜ ਵੀ ਵੇਖੇ ਜਾ ਸਕਦੇ ਹਨ।
‘ਬੋਤਾ ਬੰਨ੍ਹ ਦੇ ਸਰਵਣਾ ਵੀਰਾ, ਮੁੰਨੀਆਂ ਰੰਗੀਲ ਗੱਡੀਆਂ।’ ਇਸ ਤਰ੍ਹਾਂ ਦੇ ਲੋਕ ਟੱਪਿਆਂ ਤੋਂ ਅਸੀਂ ਸਮਝ ਸਕਦੇ ਹਾਂ ਪੰਜਾਬ, ਖ਼ਾਸ ਕਰਕੇ ਇਹਦੇ ਮਾਲਵੇ ਦੇ ਵੱਡੇ ਖੇਤਰ ਦੇ ਲੋਕਾਂ ਲਈ ਆਉਣ-ਜਾਣ ਲਈ ਕਿਸੇ ਸਮੇਂ ਬੋਤੇ ਨੂੰ ਸਵਾਰੀ ਵਜੋਂ ਵਰਤਿਆ ਜਾਦਾ ਸੀ। ਪੰਜਾਬੀ ਬੋਲੀਆਂ, ਲੋਕ ਗੀਤਾਂ ਵਿਚ ਲਾਡਾਂ, ਚਾਵਾਂ, ਮਲਾਰਾਂ ਨਾਲ ਪਾਲੀਆਂ ਧੀਆਂ-ਧਿਆਣੀਆਂ ਦਾ ਹਰ ਬਾਪ ‘ਬਾਬਲ ਰਾਜਾ’ ਹੈ ਤੇ ਮਾਂ ਰਾਣੀ ਹੈ: ਬਾਬਲ ਤਾਂ ਮੇਰਾ ਦੇਸ਼ਾਂ ਦਾ ਰਾਜਾ ਧੀ ਕਿਉਂ ਦਿੱਤੀ ਊ ਦੂਰ ਵੇ ਧਰਮੀ ਰਾਜਿਆ।
ਜਿੱਥੇ ਹਰ ਪੰਜਾਬਣ ਦਾ ਬਾਪ ਬਾਬਲ ਰਾਜਾ ਹੈ, ਉੱਥੇ ਉਸ ਦਾ ਭਰਾ ਉਹ ਸੂਰਮਾ ਹੈ ਜੋ ਹੱਕ-ਸੱਚ ਦੀ ਲੜਾਈ ਲੜਨੀ ਜਾਣਦਾ ਹੈ, ਜਿਸ ‘ਤੇ ਉਸ ਨੂੰ ਅੰਤਾਂ ਦਾ ਮਾਣ ਹੈ
ਜਦੋਂ ਵੱਜਦੀ ਬੱਦਲ ਵਾਂਗੂੰ ਗੱਜਦੀ ਕਾਲੀ ਡਾਂਗ ਮੇਰੇ ਵੀਰ ਦੀ।
ਪੰਜਾਬੀ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਖੁੱਲ੍ਹੇ-ਡੁੱਲ੍ਹੇ ਸੁਭਾਅ ਦੇ ਲੋਕ ਹਨ ਜੋ ਨਿੱਜ ਤੋਂ ਉੱਪਰ ਉੱਠ ਕੇ ਸਰਬੱਤ ਦਾ ਭਲਾ ਮੰਗਣ ਵਿਚ ਵਿਸ਼ਵਾਸ ਰੱਖਦੇ ਹਨ। ਪੰਜਾਬ ਹਰ ਆਫ਼ਤ ਵਿਚ ਭਾਰਤ ਲਈ ਹਿੱਕ ਡਾਹ ਕੇ ਖੜ੍ਹਾ ਹੋਇਆ ਪਰ ਜਿਸ ਤਰਾਂ ਦਾ ਮਾਣ-ਸਤਿਕਾਰ ਆਜ਼ਾਦ ਭਾਰਤ ਵਿਚ ਪੰਜਾਬ ਨੂੰ ਮਿਲਣਾ ਚਾਹੀਦਾ ਸੀ ਉਹ ਇਸ ਦੇ ਹਿੱਸੇ ਕਦੇ ਵੀ ਨਹੀਂ ਅਇਆ।

-ਜ਼ੀਰਾ। ਮੋ: 98550-51099

Related Articles

Leave a Comment