ਚੰਡੀਗੜ੍ਹ, 20 ਮਾਰਚ
ਸਾਬਕਾ ਕੇਂਦਰੀ ਮੰਤਰੀ ਤੇ ਆਨੰਦਪੁਰ ਸਾਹਿਬ ਤੋਂ ਮੌਜੂਦਾ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਏ ਦਿੱਤੀ ਹੈ ਕਿ ਉਹ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀਬੀਐੱਮਬੀ) ਵਿੱਚ ਪੰਜਾਬ ਦੀ ਸਥਾਈ ਨੁਮਾਇੰਦਗੀ ਦੀ ਮੁੜ ਬਹਾਲੀ ਲਈ ਨਿਆਂਇਕ ਢੰਗ-ਤਰੀਕੇ ਦੀ ਘੋਖ ਲਈ ਐਡਵੋਕੇਟ ਜਨਰਲ ਨਾਲ ਸਲਾਹ ਮਸ਼ਵਰਾ ਕਰਨ। ਭਾਰਤ ਸਰਕਾਰ ਨੇ ਬੀਬੀਐੱਮਬੀ ਦੇ ਚੇਅਰਮੈਨ ਤੇ ਦੋ ਮੈਂਬਰਾਂ ਦੀ ਚੋਣ ਨਾਲ ਜੁੜੇ ਨੇਮਾਂ ਨੂੰ ਬਦਲ ਦਿੱਤਾ ਹੈ। ਪੁਰਾਣੀ ਰਵਾਇਤ ਮੁਤਾਬਕ ਬੋਰਡ ਦੇ ਦੋ ਮੈਂਬਰਾਂ (ਸਿੰਜਾਈ ਤੇ ਪਾਵਰ) ਲਈ ਉਮੀਦਵਾਰਾਂ ਦੀ ਚੋਣ ਪੰਜਾਬ ਤੇ ਹਰਿਆਣਾ ’ਚੋਂ ਕੀਤੀ ਜਾਂਦੀ ਸੀ। ਆਮ ਕਰਕੇ ਇਨ੍ਹਾਂ ਮੈਂਬਰਾਂ ਨੂੰ ਸਬੰਧਤ ਸੂਬਾ ਸਰਕਾਰਾਂ ਵੱਲੋਂ ਨਾਮਜ਼ਦ ਕੀਤਾ ਜਾਂਦਾ ਸੀ। ਕੇਂਦਰੀ ਬਿਜਲੀ ਮੰਤਰਾਲਾ ਨੇ 23 ਫਰਵਰੀ ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਚੋਣ ਮਾਪਦੰਡਾਂ ’ਚ ਸੋਧ ਕਰਦਿਆਂ ਕਿਸੇ ਨੂੰ ਵੀ ਇਸ ਖਾਲੀ ਅਹੁਦੇ ਲਈ ਅਪਲਾਈ ਕਰਨ ਦੀ ਖੁੱਲ੍ਹ ਦੇ ਦਿੱਤੀ ਸੀ। ਉਦੋਂ ਭਗਵੰਤ ਮਾਨ ਨੇ ਵੀ ਇਸ ਪੇਸ਼ਕਦਮੀ ਦਾ ਵਿਰੋਧ ਕਰਦਿਆਂ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ’ਤੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਨ ਦਾ ਦੋਸ਼ ਲਾਇਆ ਸੀ।