ਇੰਡੀਅਨ ਵੇਲਸ (ਏਪੀ) : ਪੈਰ ‘ਚ ਮਾਮੂਲੀ ਸੱਟ ਦੇ ਬਾਵਜੂਦ 21 ਗ੍ਰੈਂਡਸਲੈਮ ਖ਼ਿਤਾਬ ਜਿੱਤਣ ਵਾਲੇ ਰਾਫੇਲ ਨਡਾਲ ਨੇ ਬੀਐੱਨਬੀ ਪਰਿਬਾਸ ਓਪਨ ਦੇ ਚੌਥੇ ਦੌਰ ‘ਚ ਰਿਲੀ ਓਲੇਪਕਾ ਨੂੰ ਸਿੱਧੇ ਸੈੱਟਾਂ ‘ਚ ਹਰਾ ਦਿੱਤਾ। ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਨਡਾਲ ਨੇ 7-6 (3), 7-6 (5) ਤੋਂ ਜਿੱਤ ਦਰਜ ਕੀਤੀ। ਇਸਦੇ ਨਾਲ ਹੀ ਸਪੈਨਿਸ਼ ਖਿਡਾਰੀ ਨਡਾਲ ਏਟੀਪੀ ਟੂਰ ਦੇ ਇਤਿਹਾਸ ‘ਚ ਸੈਸ਼ਨ ਦੀ ਸ਼ੁਰੂਆਤ 18-0 (ਜਿੱਤ-ਹਾਰ) ਦੇ ਰਿਕਾਰਡ ਨਾਲ ਕਰਨ ਵਾਲੇ ਸਿਰਫ਼ ਦੂਜੇ ਖਿਡਾਰੀ ਬਣੇ। ਸਾਲ 1990 ਤੋਂ ਸਿਰਫ਼ ਨੋਵਾਕ ਜੋਕੋਵਿਕ ਹੀ ਇਸ ਤੋਂ ਬਿਹਤਰ ਸ਼ੁਰੂਆਤ ਕਰ ਸਕੇ ਹਨ। ਸਰਬੀਆ ਦੇ ਇਸ ਖਿਡਾਰੀ ਨੇ 2020 ‘ਚ 26-0 ਨਾਲ ਸੈਸ਼ਨ ਦੀ ਸ਼ੁਰੂਆਤ ਕੀਤੀ ਸੀ ਜਦਕਿ 2011 ਸੈਸ਼ਨ ਦੀ ਸ਼ੁਰੂਆਤ ਉਨ੍ਹਾਂ ਨੇ ਲਗਾਤਾਰ 41 ਮੁਕਾਬਲੇ ਜਿੱਤ ਕੇ ਕੀਤੀ ਸੀ। ਨਡਾਲ ਨੇ ਮੈਚ ਤੋਂ ਬਾਅਦ ਕਿਹਾ, ਮੈਂ ਇਹ ਨਹੀਂ ਕਹਾਂਗਾ ਕਿ ਇਹ ਸੁਪਨਾ ਹੈ ਕਿਉਂਕਿ ਦੋ ਜਾਂ ਤਿੰਨ ਮਹੀਨੇ ਪਹਿਲਾਂ ਮੈਂ ਇਸ ਬਾਰੇ ਸੁਪਨਾ ਵੀ ਨਹੀਂ ਦੇਖ ਸਕਦਾ ਸੀ।’ ਉਨ੍ਹਾਂ ਕਿਹਾ, ‘ਮੈਂ ਸਿਰਫ਼ ਹਰੇਕ ਪਲ ਦਾ ਲੁਤਫ਼ ਲੈ ਰਿਹਾ ਹਾਂ।’