ਮੋਗਾ, 1 ਜੁਲਾਈ ( ਸੰਜੀਵ ਅਰੋੜਾ )
ਅੱਜ ਸਿਹਤ ਵਿਭਾਗ ਆਊਟ ਸੋਰਸ ਮੁਲਾਜ਼ਮ ਯੂਨੀਅਨ ਵੱਲੋਂ ਵਿਸਿਲ ਹਸਪਤਾਲ ਮੋਗਾ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਦੀ ਸਿਆਸੀ ਆਧਾਰ ‘ਤੇ ਹੋਈ ਬਦਲੀ ਰੱਦ ਕਰਾਉਣ, ਸਿਵਲ ਹਸਪਤਾਲ ਦੇ ਐਸ ਐਮ ੳ ਦੀਆਂ ਧਾਂਦਲੀਆ ਦੀ ਉਚ ਪੱਧਰੀ ਜਾਂਚ ਕਰਵਾਉਣ ਲਈ 3 ਜੁਲਾਈ ਨੂੰ ਜਬਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਐਮ ਐਲ ਏ ਅਮਨਦੀਪ ਕੌਰ ਅਰੋੜਾ ਦੇ ਘਰ ਵੱਲ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਜਥੇਬੰਦੀ ਵੱਡੇ ਪੱਧਰ ਤੇ ਸ਼ਾਮਲ ਹੋਵੇਗੀ
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਅਤੇ ਸੂਬਾ ਚੇਅਰਮੈਨ ਰੇਸ਼ਮ ਸਿੰਘ ਨੇ ਦੱਸਿਆ ਕਿ ਆਪ ਦੀ ਵਿਧਾਇਕਾ ਨੇ ਸਿਰਫ ਇਸ ਗੱਲ ਕਰਕੇ ਹੈਲਥ ਸੁਪਰਵਾਈਜ਼ਰ ਅਤੇ ਸਮਾਜ ਸੇਵੀ ਮਹਿੰਦਰਪਾਲ ਦੀ ਬਦਲੀ ਕੀਤੀ ਹੈ ਕਿ ਉਹਨਾਂ ਨੂੰ ਲੂੰਬਾ ਜੀ ਨੇ ਖੂਨ ਦਾਨ ਕੈਂਪ ਵਿੱਚ ਨਹੀਂ ਬੁਲਾਇਆ ਤੇ ਉਹ ਸਿਵਲ ਹਸਪਤਾਲ ਮੋਗਾ ‘ਚ ਐਸ ਐਮ ੳ ਦੁਆਰਾ ਕੀਤੀ ਜਾ ਰਹੀ ਕੁਰੱਪਸ਼ਨ ਖਿਲਾਫ ਬੋਲਦੇ ਸਨ। ਇਹ ਬਦਲੀ ਵਿਭਾਗੀ ਨਿਯਮਾਂ ਨੂੰ ਛਿੱਕੇ ਟੰਗ ਕੇ ਨਿਰੋਲ ਸਿਆਸੀ ਬਦਲਾਖ਼ੋਰੀ ਆਧਾਰ ‘ਤੇ ਕੀਤੀ ਗਈ ਬਦਲੀ ਹੈ।
ਜਥੇਬੰਦੀ ਦੇ ਪ੍ਰਮੁੱਖ ਸਲਾਹਕਾਰ ਜਸਪ੍ਰੀਤ ਸਿੰਘ ਗਗਨ ਨੇ ਦੱਸਿਆ ਕਿ ਹਸਪਤਾਲ ਦੇ ਐਮ ਐਮ ੳ ਦੁਆਰਾ ਚਾਰ ਏ.ਸੀ ਦੀ ਖਰੀਦ ‘ਚ ਕੀਤੀ ਘਪਲੇਬਾਜ਼ੀ ਜੱਗ ਜਾਹਿਰ ਹੈ। ਪ੍ਰੰਤੂ ਸਿਆਸੀ ਜ਼ੋਰ ਹੇਠ ਬਜ਼ਾਏ ਵਿਜ਼ੀਲੈਂਸ ਜਾਂਚ ਦੇ ਆਪ ਮੁਹਾਰੇ ਹੀ ਹਸਪਤਾਲ ਦੀ ਇੱਕ ਚਾਰ ਮੈਂਬਰੀ ਉਪਚਾਰਿਕ ਕਮੇਟੀ ਬਣਾ ਕੇ ਖ਼ੁਦ ਹੀ ਕਲੀਨ ਚਿੱਟ ਲੈ ਲਈ ਗਈ। ਹੁਣ ਸਰਕਾਰ ਦਿਖਾ ਰਹੀ ਹੈ ਕਿ ਹਸਪਤਾਲ ਦੇ ਏ ਸੀ ਹਸਪਤਾਲ ਵਿੱਚ ਹੀ ਚੱਲ ਰਹੇ ਹਨ। ਪਰ ਇਹਨਾਂ ਚਾਰ ਏ ਸੀ ਆਂ ਦੀ ਖਰੀਦ ਹਸਪਤਾਲ ਦੇ ਸਟਾਕ ਰਜਿਸਟਰ ਵਿੱਚ ਦਰਜ ਨਹੀਂ ਹੈ। ਹਸਪਤਾਲ ਦੀ ਐਂਬੂਲੈਂਸ ਦਾ ਡਰਾਇਵਰ ਨੌ ਮਹੀਨਿਆਂ ਤੋਂ ਐਮ ਐਲ ਏ ਅਰੋੜਾ ਦੇ ਘਰ ਸੇਵਾ ਕਰਦਾ ਰਿਹਾ।
ਸਿਵਲ ਹਸਪਤਾਲ ਮੋਗਾ ਦੇ ਸਮੂਹ ਆਊਟ ਸੋਰਸ ਮੁਲਾਜ਼ਮਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ਼ ਰਾਹੀਆਂ ਅਤੇ ਤਨਖਾਹਾਂ ਦੇ ਲਟਕਣ ਦਾ ਇਹ ਸਿਲਸਿਲਾ ਪਿਛਲੇ 18 ਮਹੀਨਿਆਂ ਤੋਂ ਚੱਲ ਰਿਹਾ ਹੈ। ਇਸ ਸਬੰਧੀ ਸਮੂਹ ਮੁਲਾਜ਼ਮਾਂ ਨੇ ਅਨੇਕਾਂ ਵਾਰ ਐਮ ਐਲ ਏ ਮੋਗਾ ਨਾਲ਼ ਗੱਲ ਬਾਤ ਕੀਤੀ ਅਤੇ ਮੰਗ ਪੱਤਰ ਵੀ ਦਿੱਤੇ ਅਤੇ ਇਹ ਮੰਗ ਵੀ ਕੀਤੀ ਕਿ ਫੰਡਾਂ ਦੀ ਵਰਤੋਂ ਕਿੱਥੇ ਤੇ ਕਿਵੇਂ ਕੀਤੀ ਜਾਂਦੀ ਹੈ ਇਸਦੀ ਜਾਂਚ ਕਰਾਈ ਜਾਵੇ। ਪ੍ਰੰਤੂ ਐਮ ਐਲ ਏ ਮੋਗਾ ਵੱਲੋਂ ਇਸ ਮਾਮਲੇ ਨੂੰ ਅਣਗੌਲਿਆ ਹੀ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਆਮ ਆਦਮੀ ਸਰਕਾਰ ਦੇ ਕੁਰੱਪਸ਼ਨ ਰੋਕਣ ਤੇ ਸਿਹਤ ਸਹੂਲਤਾਂ ਦੇਣ ਦੇ ਦੋਨੋਂ ਦਾਅਵਿਆਂ ਦੀ ਪੋਲ ਖੁੱਲ੍ਹ ਰਹੀ ਹੈ। ਸਿਵਲ ਹਸਪਤਾਲ ਮੋਗਾ ‘ਚ ਦਵਾਈਆਂ ਤੇ ਹੋਰ ਸਾਜੋ ਸਮਾਨ ਦੀ ਘਾਟ ਹੈ। ਗਰੀਬ ਤੇ ਲਾਚਾਰ ਮਰੀਜ ਦਵਾਈ ਬਾਹਰੋਂ ਮਹਿੰਗੇ ਭਾਅ ਖਰੀਦ ਦੇ ਹਨ। ਪਿਛਲੇ ਇੱਕ ਮਹੀਨੇ ਤੋਂ ਐਕਸ ਰੇ ਨਹੀਂ ਹੋ ਰਹੇ ਹਜਾਰਾਂ ਰੁਪਏ ਦੇ ਟੈਸਟ, ਸਕੈਨ ਗਰੀਬ ਮਰੀਜ਼ ਬਾਹਰੋਂ ਕਰਾਉਂਦੇ ਹਨ। ਸਿਰਫ ਮੁਹੱਲਾ ਕਲੀਨਿਕਾਂ ਦੇ ਬੋਰਡ ਲਗਾਉਣ ਨਾਲ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਧੋਖਾ ਕੀਤਾ ਹੈ।
ਇਸ ਸਿਆਸੀ ਬਦਲਾਖੋਰੀ ਵਿੱਚ ਕੀਤੀ ਬਦਲੀ ਨੂੰ ਰੱਦ ਰੁਕਵਾਉਣ ਲਈ ਜ਼ਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਵਿੱਚ ਸ਼ਾਮਲ ਹੋਣ ਨਾਤੇ 3 ਜੁਲਾਈ ਨੂੰ ਐਮ ਐਲ ਏ ਦੇ ਘਰ ਵੱਲ ਰੋਸ ਮਾਰਚ ਵਿੱਚ ਸਿਹਤ ਵਿਭਾਗ ਆਊਟ ਸੋਰਸ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਭਰਭੂਰ ਸ਼ਾਮੂਲੀਅਤ ਕੀਤੀ ਜਾਵੇਗੀ
ਇਸ ਮੌਕੇ ਪ੍ਰਧਾਨ ਮਨਜੀਤ ਕੌਰ, ਨਸੀਬ ਕੌਰ, ਸੁਮਿਤਰਾ ਰਾਣੀ, ਸੰਦੀਪ ਕੌਰ ,ਅਮਨਦੀਪ ਕੌਰ, ਬਲਕਰਨ ਸਿੰਘ ਰਣਜੋਤ, ਗੁਰਤੇਜ ਸਿੰਘ ਦੇ ਨਾਲ਼ ਸਮੂਹ ਮੁਲਾਜ਼ਮ ਹਾਜ਼ਰ ਸਨ।