ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀ ਮਾਰ ਕੇ ਕੀਤੇ ਕਤਲ ਉਤੇ ਬਹੁਜਨ ਸਮਾਜ ਪਾਰਟੀ ਨੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਘਟਨਾ ਅਤਿ ਨਿੰਦਣਯੋਗ ਹੈ। ਇੱਥੋਂ ਜਾਰੀ ਇਕ ਬਿਆਨ ਵਿੱਚ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਿੱਚ ਕੇਜਰੀਵਾਲ ਦੀਆਂ ਨੀਤੀਆਂ ਤਹਿਤ ਸੜਕਾਂ ਉਪਰ ਪੰਜਾਬੀਆਂ ਦਾ ਖੂਨ ਡੋਲਿਆ ਜਾ ਰਿਹਾ ਅਤੇ ਆਪ ਪਾਰਟੀ ਦੀਆਂ ਰੈਲੀਆ ਵਿਚ ਪੰਜਾਬੀਆ ਦੀਆ ਪੱਗਾਂ ਗਿਰਾਈਆ ਜਾ ਰਹੀਆਂ। ਆਮ ਆਦਮੀ ਪਾਰਟੀ ਚੋਣਾਂ ਵਿਚ ਗੁੰਮਰਾਹ ਕਰਦੀ ਸੀ ਦਿੱਲੀ ਕੇਂਦਰੀ ਸ਼ਾਸ਼ਿਤ ਸੂਬਾ ਹੈ, ਤੇ ਪੁਲਿਸ ਕੇਜਰੀਵਾਲ ਦੇ ਅਧੀਨ ਨਹੀਂ ਹੈ। ਲੇਕਿਨ ਪੰਜਾਬ ਦੀ ਪੁਲਿਸ ਤਾਂ ਸੂਬਾ ਸਰਕਾਰ ਅਧੀਨ ਹੈ। ਪ੍ਰੰਤੂ ਸੂਬਾ ਦੀ ਆਪ ਪਾਰਟੀ ਸਰਕਾਰ ਨੇ ਪੰਜਾਬ ਪੁਲਿਸ ਸੂਬੇ ਦੇ ਲੋਕਾਂ ਨੂੰ ਸੁਰੱਖਿਆ ਲਈ ਨਾ ਦੇਕੇ, ਕੇਜਰੀਵਾਲ ਤੇ ਰਾਘਵ ਚੱਢਾ ਵਰਗੇ ਆਗੂਆਂ ਦੀ ਸੇਵਾ ਵਿਚ ਜੀ ਹਜ਼ੂਰੀ ਲਈ ਲੱਗੀ ਹੋਈ ਹੈ। ਬਸਪਾ ਆਗੂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਰਕਾਰ ਦੀ ਅਣਗਹਿਲੀ ਕਾਰਨ ਪੰਜਾਬ ਦੇ ਕਈ ਵੱਡੀਆਂ ਸ਼ਖਸੀਅਤਾਂ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ, ਜਿਸ ਵਿਚ ਕਬੱਡੀ ਖਿਡਾਰੀ ਸੰਦੀਪ ਅੰਬੀਆ, ਸਿੱਧੂ ਮੂਸੇਵਾਲਾ, ਪਟਿਆਲਾ ਵਿੱਚ ਦੋ ਫਿਰਕੇ ਦੇ ਲੋਕਾਂ ਵਿੱਚ ਹੋਈ ਹਿੰਸਾ, ਮੋਹਾਲੀ ਵਿੱਚ ਪੁਲੀਸ ਹੈੱਡਕੁਆਰਟਰ ਤੇ ਗੈਂਗਸਟਰਾਂ ਵੱਲੋਂ ਕੀਤਾ ਗਿਆ ਹਮਲਾ ਸਰਕਾਰ ਦੇ ਤੰਤਰ ਦੀ ਫੇਲ੍ਹ ਹੋਣ ਦੀਆਂ ਨਿਸ਼ਾਨੀਆਂ ਹਨ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਪੰਜਾਬ ਦੀ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ, ਪੰਜਾਬ ਦੇ ਜੋ ਹਾਲਤ ਬਣ ਰਹੇ ਹਨ ਉਹ ਚਿੰਤਾਜਨਕ ਹਨ। ਸ੍ਰ. ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਇਸ਼ਾਰਿਆਂ ਉਤੇ ਪੰਜਾਬ ਨੂੰ ਲਾਵਾਰਸ ਛੱਡ, ਕੰਮ ਕਰਨਾ ਬੰਦ ਕਰਕੇ ਪੰਜਾਬ ਨੂੰ ਸੰਭਾਲਣ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸ਼ਖਸੀਅਤਾਂ ਦੀ ਸੁਰੱਖਿਆ ਨਾਲ ਜੁੜ੍ਹੇ ਗੁਪਤ ਦਸਤਾਵੇਜ ਨੂੰ ਲੀਕ ਕਰਨ ਦੇ ਮਾਮਲੇ ਵਿੱਚ ਵੀ ਪੰਜਾਬ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਕੀਤਾ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਜਿਸ ਦਿਸ਼ਾ ਵੱਲ ਵਧ ਰਿਹਾ ਹੈ ਉਹ ਬਹੁਤ ਖਤਰਨਾਕ ਹੈ, ਪਹਿਲਾਂ ਵੀ ਪੰਜਾਬੀਆਂ ਨੇ ਕਾਲਾ ਦੌਰ ਦੇਖਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬੀ ਇਕਜੁੱਟ ਹੋ ਕੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣ।